ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਕਾਂਗਰਸੀਆਂ ਨੂੰ ਅੱਜ ਦੇ ਦਿਨ ਲਈ ਕੀਤਾ ਮੁਅੱਤਲ
ਮੁੱਖ ਮੰਤਰੀ ਵੱਲੋਂ ਲਿਆਂਦੇ ਜਾ ਰਹੇ ਭਰੋਸੇ ਦੇ ਮਤੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਜ਼ਬਰਦਸਤ ਹੰਗਾਮਾ ਕੀਤਾ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਵਿਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ। ਦਰਅਸਲ ਮੁੱਖ ਮੰਤਰੀ ਵੱਲੋਂ ਲਿਆਂਦੇ ਜਾ ਰਹੇ ਭਰੋਸੇ ਦੇ ਮਤੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਜ਼ਬਰਦਸਤ ਹੰਗਾਮਾ ਕੀਤਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਭਰੋਸੇ ਦਾ ਮਤਾ ਲਿਆਉਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਤੋਂ ਬਾਅਦ ਨਾਰਾਜ਼ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਸਪੀਕਰ ਨੇ ਮਾਰਸ਼ਲ ਨੂੰ ਕਾਂਗਰਸੀ ਵਿਧਾਇਕਾਂ ਨੂੰ ਸਦਨ ਵਿਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਇਆ ਹੈ।
ਵਿਰੋਧੀਆਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਸਾਨੂੰ ਕਾਨੂੰਨ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਪੀਕਰ ਦੀ ਇਜਾਜ਼ਤ ਨਾਲ ਕੋਈ ਮਤਾ ਲਿਆਂਦਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਰਾਜਸਥਾਨ, ਗੋਆ ਅਤੇ ਮਹਾਰਾਸ਼ਟਰ ਵਿਚ ਤਾਂ ਆਪਣਾ ਹੱਕ ਨਹੀਂ ਮਿਲਿਆ, ਪਰ ਉਹ ਇੱਥੇ ਕਿਹੜਾ ਹੱਕ ਲੈਣ ਆਏ ਹਨ। ਕਾਂਗਰਸ ਭਾਜਪਾ ਦੀ ਬੀ ਟੀਮ ਹੈ, ਸਦਨ ਵਿਚ ਆ ਕੇ ਮੁੱਦਿਆਂ ਦੀ ਗੱਲ ਕਰੇ।