ਵਕੀਲ ’ਤੇ ਤਸ਼ੱਦਦ ਦਾ ਮਾਮਲਾ: ਜਾਂਚ ਲਈ IPS ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ 4 ਮੈਂਬਰੀ ਸਿੱਟ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

SP ਰਮਨਦੀਪ ਸਿੰਘ ਭੁੱਲਰ, CIA ਇੰਚਾਰਜ ਰਮਨ ਕੁਮਾਰ ਅਤੇ ਹੌਲਦਾਰ ਹਰਬੰਸ ਸਿੰਘ ਦੀ ਗ੍ਰਿਫ਼ਤਾਰੀ ਦੀ ਵੀ ਖ਼ਬਰ

4 member seat Formed in advocate's custodial torture case

 

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਤਸ਼ੱਦਦ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿਤਾ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਸਿੱਟ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ ਜਦਕਿ ਪੀ.ਪੀ.ਐਸ. ਹਰਮੀਤ ਸਿੰਘ, ਆਈ.ਪੀ.ਐੱਸ.ਸੁਹੇਲ ਮੀਰ ਅਤੇ ਪੀ.ਪੀ.ਐਸ. ਪਲਵਿੰਦਰ ਸਿੰਘ ਇਸ ਦੇ ਮੈਂਬਰ ਹੋਣਗੇ। ਆਈਜੀ ਇੰਟੈਲੀਜੈਂਸ ਜਸਕਰਨ ਸਿੰਘ ਐੱਸ.ਆਈ.ਟੀ. ਦੀ ਨਿਗਰਾਨੀ ਕਰਨਗੇ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਾਰ ਐਸੋਸ਼ੀਏਸ਼ਨ ਦੇ ਵਫ਼ਦ ਦੀ ਬੈਠਕ ਤੋਂ ਬਾਅਦ ਕੀਤੀ ਗਈ ਹੈ।

ਉਧਰ ਮਾਮਲੇ ਵਿਚ ਐੱਸ.ਪੀ. ਰਮਨਦੀਪ ਸਿੰਘ ਭੁੱਲਰ, ਸੀ.ਆਈ.ਏ. ਇੰਚਾਰਜ ਰਮਨ ਕੁਮਾਰ ਅਤੇ ਹੌਲਦਾਰ ਹਰਬੰਸ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਨਰੇਰੀ ਸਕੱਤਰ ਜਸਮੀਤ ਸਿੰਘ ਭਾਟੀਆ ਨੇ ਸਾਂਝੀ ਕੀਤੀ ਹੈ। ਫ਼ਿਲਹਾਲ ਪੁਲਿਸ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ ਹੈ।

ਦੱਸ ਦੇਈਏ ਕਿ ਉਕਤ ਪੁਲਿਸ ਮੁਲਾਜਮਾਂ ’ਤੇ ਮੁਕਤਸਰ ਦੇ ਵਕੀਲ ਵਰਿੰਦਰ ਸਿੰਘ ਸੰਧੂ ਉਤੇ ਪੁਲਿਸ ਹਿਰਾਸਤ ਦੌਰਾਨ ਕਥਿਤ ਤੌਰ ’ਤੇ ਗੈਰ ਕੁਦਰਤੀ ਤਸ਼ੱਦਦ ਕਰਨ ਦੇ ਇਲਜ਼ਾਮ ਹਨ। ਇਸ ਦੇ ਵਿਰੋਧ ਵਿਚ ਪੰਜਾਬ ਭਰ ਵਿਚ ਵਕੀਲਾਂ ਵਲੋਂ ਪਿਛਲੇ ਦੋ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਸੀ। ਇਸ ਹੜਤਾਲ ਦੀ ਅਗਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਕਰ ਰਹੀ ਹੈ।

ਇਸ ਮਾਮਲੇ ਵਿਚ ਐੱਸ.ਪੀ. ਰਮਨਦੀਪ ਸਿੰਘ ਭੁੱਲਰ, ਸੀ.ਆਈ.ਏ. ਇੰਚਾਰਜ ਰਮਨ ਕੰਬੋਜ ਅਤੇ ਕਾਂਸਟੇਬਲ ਹਰਬੰਸ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਾਰਾ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਈ.ਪੀ.ਸੀ. ਦੀ ਧਾਰਾ 377, 342, 323, 149 ਅਤੇ 506 ਤਹਿਤ ਨਾਮਜ਼ਦ ਕੀਤਾ ਗਿਆ ਹੈ।