ਕਾਂਗਰਸ ਨੂੰ ਝਟਕਾ ਦੇ ਕੇ ਕਈ ਅਹੁਦੇਦਾਰ ਹੋਏ ‘ਆਪ’ ਵਿਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਰਟੀ ਦੇ ਮੁੱਖ ਦਫ਼ਤਰ ਵਿਚ ਕਾਂਗਰਸੀ ਆਗੂ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕੀਤਾ

Aam Aadmi Party

ਲੁਧਿਆਣਾ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਜਰਨਲ ਸਕੱਤਰ ਰਹੇ ਅਸ਼ੋਕ ਪਰਾਸ਼ਰ ਨੇ ਸਮਰਥਕਾਂ ਨਾਲ ਚੁਕਿਆ ਝਾੜੂ

ਚੰਡੀਗੜ੍ਹ : ਸੱਤਾਧਾਰੀ ਕਾਂਗਰਸ ਨੂੰ ਝਟਕਾ ਦਿੰਦਿਆਂ ਲੁਧਿਆਣਾ ਦੇ ਕਾਂਗਰਸੀ ਦਿੱਗਜ ਆਗੂ ਅਸ਼ੋਕ ਪੱਪੀ ਪਰਾਸ਼ਰ (ਪੱਪੀ ਪਰਾਸ਼ਰ) ਆਪਣੇ ਵੱਡੀ ਗਿਣਤੀ ਸਰਮਥਕਾਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਾਮਲ ਹੋ ਗਏ। ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ, ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਸੂਬਾ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਚ ਕਾਂਗਰਸੀ ਆਗੂ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕੀਤਾ।

ਇਸ ਮੌਕੇ ਪੰਜਾਬ ਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਅਸ਼ੋਕ ਪੱਪੀ ਪਰਾਸ਼ਰ ਦੇ ‘ਆਪ’ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਜ਼ਰੂਰ ਮਿਲੇਗੀ, ਕਿਉਂਕਿ ਉਹ ਰਾਜਨੀਤੀ ਸਮੇਤ ਸਮਾਜਿਕ ਤੇ ਧਾਰਮਿਕ ਖੇਤਰਾਂ ਵਿੱਚ ਵੀ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸ਼ੋਕ ਪੱਪੀ ਪਰਾਸ਼ਰ ਲੁਧਿਆਣਾ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸਮੇਤ ਹੋਰਨਾਂ ਅਹੁੱਦਿਆਂ ’ਤੇ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਤਾਲਿਬਾਨ ਦੇ ਰਾਜ 'ਚ ਭੁੱਖਮਰੀ ਦੀ ਕਗਾਰ 'ਤੇ ਕਰੋੜਾਂ ਲੋਕ, ਢਿੱਡ ਭਰਨ ਲਈ ਬੱਚੇ ਵੇਚਣ ਨੂੰ ਤਿਆਰ

ਅਸ਼ੋਕ ਪੱਪੀ ਪਰਾਸ਼ਰ ਸਮੇਤ ਉਨ੍ਹਾਂ ਦੇ ਭਰਾ ਅਤੇ ਲੁਧਿਆਣਾ ਦੇ ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਵੀ ‘ਆਪ’ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਕਾਂਗਰਸ ਦੇ ਜਰਨਲ ਸਕੱਤਰ ਹਰਚਰਨ ਸਿੰਘ ਰਿੰਪੀ ਸਮੇਤ ਮੁਕੇਸ਼ ਨਾਇਰ, ਸੰਦੀਪ ਸ਼ਰਮਾ, ਦੀਪਕ ਸ਼ਰਮਾ, ਸੁਰੇਸ਼ ਪਰਾਸ਼ਰ, ਹਰਮਨ ਦਿਓਲ, ਸਾਜਨ ਸਲਾਰੀਆ, ਰਿਸ਼ਮ, ਦੀਪਕ ਅਤੇ ਮਹੇਸ਼ ਸਮੇਤ ਕਈ ਹੋਰ ਵਰਕਰਾਂ ਨੂੰ ਵੀ ਅਧਿਕਾਰਤ ਤੌਰ ’ਤੇ ‘ਆਪ’ ਵਿਚ ਸ਼ਾਮਲ ਕੀਤਾ ਗਿਆ। 

ਆਪਣੇ ਸਮਰਥਕਾਂ ਨਾਲ ‘ਆਪ’ ਵਿੱਚ ਸ਼ਾਮਲ ਹੋਏ ਅਸ਼ੋਕ ਪੱਪੀ ਪਰਾਸ਼ਰ ਨੇ ਕਿਹਾ ਕਿ ਉਹ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਪਾਰਟੀ ’ਚ ਸ਼ਾਮਲ ਹੋਏ ਹਨ ਅਤੇ ‘ਆਪ’ ਦੀਆਂ ਨੀਤੀਆਂ ਦਾ ਝੰਡਾ ਪੂਰੇ ਪੰਜਾਬ ’ਚ ਬੁਲੰਦ ਕਰਨਗੇ। ਇਸ ਮੌਕੇ ’ਤੇ ਅਸ਼ੋਕ ਪੱਪੀ ਪਰਾਸ਼ਰ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।