ਜਗਮੀਤ ਬਰਾੜ ਨੇ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੂੰ ਭੇਜਿਆ ਜਵਾਬ, ਬਰਕਰਾਰ ਰਹੇਗਾ ਅਨੁਸ਼ਾਸਨ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪਾਰਟੀ ਵਿਰੋਧੀ ਗਤੀਵਿਧੀਆਂ' ਦਾ ਹਵਾਲਾ ਦਿੰਦੇ ਹੋਏ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਹਫ਼ਤੇ ਅੰਦਰ ਅੰਦਰ ਜਵਾਬ ਮੰਗਿਆ ਸੀ।

Jagmeet Brar sent a reply to the disciplinary committee of the Akali Dal

 

ਚੰਡੀਗੜ੍ਹ - ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਵੱਲੋਂ ਭੇਜੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਬਰਾੜ ਵਲੋਂ ਨੋਟਿਸ ਦਾ ਜਵਾਬ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਵਾਬ ਪਾਰਟੀ ਦਫ਼ਤਰ ’ਚ ਪਹੁੰਚ ਗਿਆ ਹੈ, ਪਰ ਉਨ੍ਹਾਂ ਜਵਾਬ ਅਜੇ ਪੜ੍ਹਿਆ ਨਹੀਂ। ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ 21 ਅਕਤੂਬਰ ਨੂੰ 'ਪਾਰਟੀ ਵਿਰੋਧੀ ਗਤੀਵਿਧੀਆਂ' ਦਾ ਹਵਾਲਾ ਦਿੰਦੇ ਹੋਏ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਹਫ਼ਤੇ ਅੰਦਰ ਅੰਦਰ ਜਵਾਬ ਮੰਗਿਆ ਸੀ।

ਮਾਮਲੇ ਬਾਰੇ ਸੂਤਰ ਦੱਸਦੇ ਹਨ ਕਿ ਬਰਾੜ ਵੱਲੋਂ ਭੇਜੇ ਗਏ ਜਵਾਬ ਨੂੰ ਲੈ ਕੇ ਪਾਰਟੀ ਹਾਈਕਮਾਂਡ ਹੈਰਾਨ ਹੈ, ਕਿਉਂਕਿ ਆਮ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਵਿੱਚ ਵੱਡਾ ਅੰਤਰ ਹੈ। ਅਕਾਲੀ ਦਲ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਸਮਾਜਿਕ ਸਮਾਗਮਾਂ ਦੌਰਾਨ ਬਰਾੜ ਪਾਰਟੀ ਹਾਈਕਮਾਨ ਪ੍ਰਤੀ ਉੱਚੀ ਸੁਰ ਵਿੱਚ ਬੋਲਦੇ ਰਹੇ ਹਨ, ਪਰ ਨੋਟਿਸ ਦਾ ਜਵਾਬ ਬਹੁਤ ਠਰੰਮ੍ਹੇ  ਅਤੇ ਨਰਮ ਭਾਸ਼ਾ ਵਿੱਚ ਭੇਜਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਨੁਸ਼ਾਸਨੀ ਕਮੇਟੀ ਜਗਮੀਤ ਬਰਾੜ ਦਾ ਨਿੱਜੀ ਤੌਰ ’ਤੇ ਪੱਖ ਸੁਣਨ ਲਈ ਉਨ੍ਹਾਂ ਨੂੰ ਸੱਦਣ ’ਤੇ ਵਿਚਾਰ ਕਰ ਰਹੀ ਹੈ। ਪਾਰਟੀ ਸੂਤਰਾਂ ਮੁਤਾਬਿਕ ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਬਰਾੜ ਨੇ ਇੱਕ ਚੈਨਲ ’ਤੇ ਪਾਰਟੀ ਪ੍ਰਧਾਨ ਤੇ ਹੋਰਨਾਂ ਆਗੂਆਂ ਖਿਲਾਫ਼ ਟਿੱਪਣੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਮੌੜ ਹਲਕੇ ਨਾਲ ਸੰਬੰਧਿਤ ਪਾਰਟੀ ਵਰਕਰਾਂ ਵਲੋਂ ਦਿੱਤੀਆਂ ਤਿੰਨ ਸ਼ਿਕਾਇਤਾਂ ਦੇ ਆਧਾਰ ’ਤੇ ਨੋਟਿਸ ਜਾਰੀ ਕੀਤਾ ਸੀ। ਇਸੇ ਤਰ੍ਹਾਂ ਅਨੁਸ਼ਾਸਨੀ ਕਮੇਟੀ ਨੇ ਬਰਾੜ ਵਲੋਂ ਸੋਸ਼ਲ ਮੀਡੀਆਂ ’ਤੇ ਪੋਸਟ ਕੀਤੇ ਵੀਡੀਓ ਬਿਆਨਾਂ ਦਾ ਵੀ ਨੋਟਿਸ ਲਿਆ। ਇਨ੍ਹਾਂ ਤੋਂ ਇਲਾਵਾ, ਪਾਰਟੀ ਨੇ ਬਰਾੜ ਨੂੰ 10 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ 21 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦੇ ਮੁੱਦੇ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਿਆ ਹੈ।

ਜਗਮੀਤ ਬਰਾੜ ਦੇ ਜਵਾਬ ’ਤੇ ਅਨੁਸ਼ਾਸ਼ਨੀ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਬੈਠਕ ਕਰਕੇ ਫ਼ੈਸਲਾ ਲਵੇਗੀ। ਪਰ ਸੂਤਰ ਦੱਸਦੇ ਹਨ ਕਿ ਪਾਰਟੀ ਹਾਈਕਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਤੱਕ ਇਸ ਮੁੱਦੇ ’ਤੇ ਕੋਈ ਵੱਡਾ ਫ਼ੈਸਲਾ ਲੈਣ ਦੇ ਮੂਡ 'ਚ ਨਹੀਂ, ਕਿਉਂਕਿ ਬੀਬੀ ਜਗੀਰ ਕੌਰ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਬਜ਼ਿੱਦ ਹੈ। ਪਾਰਟੀ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੇ ਮਸਲੇ ਨੂੰ ਨਿਪਟਾਉਣਾ ਚਾਹੁੰਦੀ ਹੈ। ਇਸ ਲਈ ਪਾਰਟੀ ਹਾਈਕਮਾਨ ਇਸ ਮਸਲੇ ’ਤੇ ਸੋਚ ਵਿਚਾਰ ਕੇ ਫ਼ੈਸਲਾ ਲੈਣਾ ਚਾਹੁੰਦੀ ਹੈ, ਕਿਉਂਕਿ ਹਾਈਕਮਾਨ ਕਿਸੇ ਵੀ ਕੀਮਤ 'ਤੇ ਪਾਰਟੀ ਤੋਂ ਨਾਰਾਜ਼ ਆਗੂਆਂ ਦਾ ਕਾਫ਼ਲਾ ਵੱਡਾ ਨਹੀਂ ਹੋਣ ਦੇਣਾ ਚਾਹੁੰਦੀ।