Trust and Betrayal: ਦੋਸਤ ਨੂੰ ਨਸ਼ਾ ਦੇ ਕੇ ਹੱਤਿਆ ਕਰਨ ਤੋਂ ਬਾਅਦ ਨਹਿਰ ਦੀ ਪਟੜੀ 'ਤੇ ਸੁੱਟੀ ਲਾਸ਼
ਗੁਰਜਿੰਦਰ ਸਿੰਘ ਹੱਤਿਆਕਾਂਡ 'ਚ SSP ਪਟਿਆਲਾ ਵਰੁਣ ਸ਼ਰਮਾ ਨੇ ਕੀਤੇ ਹੈਰਾਨਜਨਕ ਖੁਲਾਸੇ
- ਗੁਰਜਿੰਦਰ ਸਿੰਘ ਹੱਤਿਆਕਾਂਡ 'ਚ SSP ਪਟਿਆਲਾ ਵਰੁਣ ਸ਼ਰਮਾ ਨੇ ਕੀਤੇ ਹੈਰਾਨਜਨਕ ਖੁਲਾਸੇ
- ਮਹਿੰਗਾ ਫੋਨ ਤੇ ਘੜੀ ਹੜੱਪਣ ਲਈ ਦੋਸਤਾਂ ਨੇ ਨਸ਼ਾ ਦੇ ਕੇ ਉਤਾਰਿਆ ਮੌਤ ਦੇ ਘਾਟ
ਪਟਿਆਲਾ : ਬੀਤੇ ਦਿਨੀਂ ਪਟਿਆਲਾ ਦੇ ਨਾਭੇ ਦੇ ਪਿੰਡ ਮਹਿਸ ਨਹਿਰ ਦੀ ਪਟੜੀ 'ਤੇ ਇਕ ਲਾਸ਼ ਮਿਲੀ ਸੀ। ਇਸ ਸਬੰਧੀ ਪੁਲਿਸ ਲਾਈਨ ’ਚ ਜਾਣਕਾਰੀ ਦਿੰਦਿਆਂ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੁਆਰਾ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਨਾਭਾ ਵਿਖੇ 72 ਘੰਟਿਆਂ ਲਈ ਸ਼ਨਾਖਤ ਲਈ ਲਾਸ਼ ਨੂੰ ਮੋਰਚਰੀ ਵਿਚ ਰਖਵਾਇਆ ਗਿਆ ਸੀ। ਮ੍ਰਿਤਕ ਦੀ ਪੈਂਟ ਦੀ ਜੇਬ ਵਿਚੋ ਇੱਕ ਵਹੀਕਲ ਪ੍ਰਦੂਸ਼ਣ ਚੈਕਿੰਗ ਦੀ ਪਰਚੀ ਮਿਲੀ ਸੀ। ਜਿਸ ਤੋਂ ਪੁਲਿਸ ਨੇ ਨੰਬਰ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਵਹੀਕਲ ਅਮਰਿੰਦਰ ਸਿੰਘ ਵਾਸੀ ਅਫਸਰ ਕਲੋਨੀ ਪਟਿਆਲਾ ਦੇ ਨਾਮ 'ਤੇ ਹੈ।
ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਪੁੱਤਰ ਭੁਪਿੰਦਰ ਸਿੰਘ ਵਾਸੀ ਅਜਨੋਦਾ ਕਲਾਂ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਦੀ ਸ਼ਨਾਖਤ ਕਰਵਾਈ ਗਈ। ਬਾਅਦ ਵਿੱਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਪਾਸੋਂ ਮ੍ਰਿਤਕ ਦਾ ਮੋਬਾਈਲ ਨੰਬਰ ਹਾਸਲ ਕਰਕੇ ਉਸ ਦੀ ਕਾਲ ਡਿਟੇਲ ਹਾਸਲ ਕੀਤੀ ਗਈ। ਕਾਲ ਡਿਟੇਲ ਦੀ ਪੜਤਾਲ 'ਤੇ ਸਾਹਮਣੇ ਆਇਆ ਕਿ ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਅਤੇ ਦੋਸ਼ੀ ਸਿਮਰਨਜੀਤ ਸਿੰਘ ਦੋਵੇਂ ਨਸ਼ੇ ਦੇ ਆਦੀ ਸਨ ਜੋ ਨਸ਼ਾ ਛੜਾਊ ਕੇਂਦਰ ਹਿਮਾਚਲ ਪ੍ਰਦੇਸ਼ ਵਿਚ ਦਾਖਲ ਸਨ ਅਤੇ ਇਹਨਾਂ ਦੋਵਾਂ ਦੀ ਆਪਸ ਵਿੱਚ ਜਾਣ ਪਹਿਚਾਣ ਹੋ ਗਈ।
ਮ੍ਰਿਤਕ ਗੁਰਜਿੰਦਰ ਸਿੰਘ ਉਰਫ ਗੈਰੀ ਨੂੰ ਉਸਦੇ ਦੋਸਤ ਸਿਮਰਨਜੀਤ ਸਿੰਘ ਪੁੱਤਰ ਨੇ 15 ਅਕਤੂਬਰ 2023 ਨੂੰ ਫੋਨ ਕਰਕੇ ਆਪਣੇ ਘਰ ਹੀਰਾ ਮਹਿਲ ਵਿਖੇ ਬੁਲਾਇਆ। ਜਿਸ ਪਿੱਛੋਂ ਉਨ੍ਹਾਂ ਨੇ ਉਸ ਦਾ ਐਪਲ ਦਾ ਮੋਬਾਈਲ, ਐਪਲ ਦੀ ਮੋਬਾਈਲ ਘੜੀ, ਮੋਟਰਸਾਈਕਲ, ਬੈਗ ਵਾਲਾ ਸਮਾਨ ਅਤੇ ਪੈਸੇ ਹੜੱਪਣ ਦੀ ਨੀਅਤ ਨਾਲ ਯੋਜਨਾ ਬਣਾ ਕੇ ਆਪਣੇ ਹੀ ਘਰ ਗੁਰਜਿੰਦਰ ਸਿੰਘ ਉਰਫ ਗੈਰੀ ਨੂੰ ਧੱਕੇ ਨਾਲ ਨਸ਼ਾ ਦੇ ਕੇ ਉਸ ਦੀ ਕੁੱਟਮਾਰ ਕਰਕੇ ਉਸ ਦਾ ਕਤਲ ਕਰਕੇ ਲਾਸ਼ ਨੂੰ ਖੁਰਦਬੁਰਦ ਕਰਨ ਲਈ ਲਾਸ਼ ਨੂੰ ਸਕੂਟੀ 'ਤੇ ਲੱਦ ਕੇ ਮਹਿਜ਼ ਪੁਲ ਨਹਿਰ ਕੋਲ ਸੁੱਟ ਕੇ ਵਾਰਦਾਤ ਨੂੰ ਅੰਜਾਮ ਦਿਤਾ। ਫਿਲਹਾਲ ਇਸ ਮਾਮਲੇ ਦੇ ਵਿਚ ਪੁਲਿਸ ਦੇ ਵਲੋਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।