ਸੰਵਿਧਾਨ ਦਿਵਸ ਵਿਸ਼ੇਸ਼ ਇਜਲਾਸ ਮੌਕੇ ਧਾਰਾ 370 ਤੇ ਜਗਮੇਲ ਹਤਿਆ ਦੇ ਮਾਮਲੇ ਗੂੰਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਵਜ਼ੀਰੀ ਬਦਲੇ ਬਾਦਲ ਪਰਵਾਰ ਨੇ ਸਾਰੀ ਉਮਰ ਦੀ ਕਮਾਈ ਤੇ ਅਕਾਲੀ ਨੀਤੀ ਰੋੜ੍ਹ ਦਿਤੀ : ਚੰਨੀ

Constitution Day Special Session in Punjab assembly

ਸੰਵਿਧਾਨ ਦਿਵਸ ਵਿਸ਼ੇਸ਼ ਸੈਸ਼ਨ
-ਮੁੱਖ ਮੰਤਰੀ ਕੈਪਟਨ ਅਮ੍ਰਿੰਦਰ ਸਿੰਘ ਗ਼ੈਰ ਹਾਜ਼ਰ
-ਮੌਸਮੀ ਖ਼ਰਾਬੀ ਕਾਰਨ ਦਿੱਲੀ ਤੋਂ ਉਡਾਨ ਹੀ ਨਹੀਂ ਭਰ ਸਕਿਆ: ਸੂਤਰ
-ਵਿਦੇਸ਼ ਦੌਰੇ ਤੋਂ ਇਸ ਸੈਸ਼ਨ ਲਈ ਵਿਸ਼ੇਸ਼ ਤੌਰ ਤੇ ਪਰਤੇ ਹਨ ਮੁੱਖ ਮੰਤਰੀ
-ਅਕਾਲੀ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਗ਼ੈਰ ਹਾਜ਼ਰ

-ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਗ਼ੈਰ ਹਾਜ਼ਰ
-ਕਾਂਗਰਸ ਤੇ ਆਪ ਦੇ ਕਈ ਵਿਧਾਇਕ ਵੀ ਗ਼ੈਰ ਹਾਜ਼ਰ
-ਰਿਗਵੇਦ 'ਚ ਵੀ ਲਿਖਿਆ ਮਿਲਦੈ ਕਿ ਹਰ ਪਾਸਿਉਂ ਤਾਜ਼ਾ ਵਿਚਾਰ ਆਉਂਦੇ ਰਹਿਣੇ ਚਾਹੀਦੇ ਹਨ: ਮਨਪ੍ਰੀਤ ਸਿੰਘ ਬਾਦਲ
-ਪਕਿਸਤਾਨ ਦੇ ਫੇਲ ਹੋਣ ਦਾ ਵੱਡਾ ਕਾਰਨ ਭਾਰਤ ਵਾਂਗ ਅਜਿਹਾ ਸੰਵਿਧਾਨ ਲਾਗੂ ਨਾ ਕਰ ਸਕਣਾ
-ਕਰੋੜਾਂ ਸਾਲ ਬਾਅਦ ਬਾਬਾ ਸਾਹਿਬ ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਦਾ ਇਸੇ ਸੋਚ ਤਹਿਤ ਨਿਰਮਾਣ ਕੀਤਾ

-ਪੰਜਾਬ ਵਿਧਾਨ ਸਭਾ ਵਲੋਂ ਅੱਜ ਦੇ ਇਜਲਾਸ ਵਿਚ ਸਿਰਫ਼ ਸੰਵਿਧਾਨ 'ਤੇ ਹੀ ਬੋਲਣ ਦਾ ਮਤਾ ਪਾਉਣਾ ਇਕ ਸਹੀ ਕਦਮ
-ਭਾਰਤ ਦੇ ਰਖਿਆ ਮੰਤਰੀ ਰਹੇ ਬਲਦੇਵ ਸਿੰਘ, ਹੁਕਮ ਸਿੰਘ, ਅਚਿੰਤ ਰਾਮ ਆਦਿ ਦੇ ਪਰਵਾਰਾਂ ਦੇ ਸਨਮਾਨ ਦੀ ਮੰਗ
-ਮਨਪ੍ਰੀਤ ਸਿੰਘ ਬਾਦਲ ਵਲੋਂ ਭਾਰਤੀ ਸੰਵਿਧਾਨ ਦੀ ਨਕਲ ਸਾਰੇ ਵਿਧਾਇਕਾਂ 'ਚ ਤਕਸੀਮ ਕਰਨ ਦੀ ਮੰਗ
-ਭਾਰਤੀ ਸੰਵਿਧਾਨ ਦੀਆਂ ਨਕਲਾਂ ਪਾਰਲੀਮੈਂਟ ਤੋਂ ਮੁਫ਼ਤ ਮਿਲਦੀਆਂ ਹਨ: ਮਨਪ੍ਰੀਤ

- ਸਪੀਕਰ ਰਾਣਾ ਕੇਪੀ ਸਿੰਘ ਵਲੋਂ ਮੰਗਵਾਉਣ ਦਾ ਭਰੋਸਾ
-ਅਫ਼ਸੋਸ ਕਿ ਬਾਬਾ ਸਾਹਿਬ ਵਲੋਂ ਪੇਸ਼ ਕੀਤੀਆਂ ਭਾਰਤੀ ਸੰਵਿਧਾਨ ਦੀਆਂ ਪੰਜ ਅਸਲ ਹੱਥ ਲਿਖਤਾਂ 'ਚੋਂ ਇਕ ਚੋਰੀ ਹੋ ਚੁਕੀ ਹੈ : ਮਨਪ੍ਰੀਤ
-1975 ਵਿਚ ਪਹਿਲੀ ਵਾਰ ਐਮਰਜੈਂਸੀ ਲਗਾ ਕੇ ਸੰਵਿਧਾਨ ਦੀ ਘੋਰ ਉਲੰਘਣਾ ਕੀਤੀ ਗਈ: ਸੰਧਵਾਂ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਭਾਰਤ ਦੇ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਇਜਲਾਸ ਸੱਦ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਨੂੰ ਯਾਦ ਕੀਤਾ। ਬਾਅਦ ਦੁਪਹਿਰ ਸ਼ੁਰੂ ਹੋਏ ਵਿਸ਼ੇਸ਼ ਇਜਲਾਸ 'ਚ ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੇਵਲ ਸਰਕਾਰੀ ਕੰਮਕਾਜ ਕਰਨ ਅਤੇ ਹੋਰ ਕੋਈ ਵੀ ਕੰਮਕਾਜ ਨਾ ਕਰਨ ਬਾਰੇ ਮਤਾ ਪੇਸ਼ ਕੀਤਾ ਜਿਸ ਦਾ ਅਕਾਲੀ ਦਲ ਨੇ ਮਤੇ ਦਾ ਵਿਰੋਧ ਕੀਤਾ। ਅਕਾਲੀ ਦਲ ਦੇ ਵਿਧਾਇਕ ਦਲ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਵਿਚੋਂ ਟੋਕਦਿਆਂ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨਾ ਹੀ ਸੰਵਿਧਾਨ ਦਾ ਸਹੀ ਅਰਥਾਂ 'ਚ ਸਤਿਕਾਰ ਹੈ।

ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀ ਵਾਲੇ ਦੇ  ਹਾਲ ਹੀ 'ਚ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਮਾਰੇ ਗਏ, ਦਲਿਤ ਵਿਅਕਤੀ ਜਗਮੇਲ ਸਿੰਘ ਦੇ ਮਾਮਲੇ 'ਤੇ ਚਰਚਾ ਕਰਨ ਦੀ ਮੰਗ ਕੀਤੀ ਪਰ ਸੱਤਾਧਾਰੀ ਧਿਰ ਨੇ ਬਹੁਮਤ ਨਾਲ ਮਤਾ ਪਾਸ ਕੀਤਾ ਜਿਸ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ। ਸੈਸ਼ਨ ਕੁਲ ਮਿਲਾ ਕੇ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਸੰਵਿਧਾਨ ਦੀ ਉਲੰਘਣਾ ਜਾ ਬੇਅਦਬੀ ਵਜੋਂ ਜਾਣੀਆਂ ਜਾਂਦੀਆਂ ਪ੍ਰਮੁੱਖ ਘਟਨਾਵਾਂ 'ਤੇ ਕੇਂਦਰਿਤ ਰਿਹਾ ਵਿਰੋਧੀ ਧਿਰ ਦੇ ਸਾਰੇ ਹੀ ਬੁਲਾਰੇ ਮੈਂਬਰਾਂ ਨੇ ਸੱਤਾਧਾਰੀ ਕਾਂਗਰਸ ਨੂੰ ਮਰਹੂਮ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 1975 ਵਿਚ ਦੇਸ਼ ਉਤੇ ਥੋਪੀ ਗਈ ਐਮਰਜੈਂਸੀ ਦੀ ਯਾਦ ਕਰਵਾਈ।

ਢੀਂਡਸਾ ਤੇ ਹੋਰਨਾਂ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਕਿ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਲਗਾ ਕੇ ਪਹਿਲੀ ਵਾਰ ਭਾਰਤ ਵਿਚ ਪਵਿੱਤਰ ਸੰਵਿਧਾਨ ਦੀ ਉਲੰਘਣਾ ਅਤੇ ਬੇਅਦਬੀ ਕਰਨ ਦੀ ਪਿਰਤ ਪਾਈ ਗਈ ਸੀ। ਢੀਂਡਸਾ ਨੇ ਇਥੋਂ ਤਕ ਕਹਿ ਦਿਤਾ ਕਿ ਘੱਟੋ-ਘੱਟ ਅੱਜ ਦੇ ਦਿਨ ਤਾਂ ਸੰਵਿਧਾਨ ਤੋੜਨ ਵਾਲਿਆਂ ਵਿਰੁਧ ਬੋਲਣ ਦੀ ਆਗਿਆ ਦਿਤੀ ਜਾਵੇ। ਢੀਂਡਸਾ ਦਾ ਇਸ਼ਾਰਾ ਸੱਤਾਧਾਰੀ ਧਿਰ ਕਾਂਗਰਸ ਵਿਰੁਧ ਬੋਲਣ ਵੱਲ ਸੀ ਜਿਸ ਉਤੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਪੀਕਰ ਨੂੰ ਅਪਣੇ ਸੰਬੋਧਨ ਵਿਚ ਹੋਰਨਾਂ ਗੱਲਾਂ ਦੇ ਨਾਲ-ਨਾਲ ਜਦੋਂ ਐਮਰਜੈਂਸੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧੀ ਖੇਮੇ ਨੇ ਇਸਦਾ ਵੀ ਤਿੱਖਾ ਵਿਰੋਧ ਕੀਤਾ ਜਿਸ ਮਗਰੋਂ ਵਿਰੋਧੀ ਧਿਰ ਦੇ ਦੂਜੇ ਬੁਲਾਰਿਆਂ ਨੇ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਚੁਕਦੇ ਹੋਏ ਕਿਹਾ ਕਿ ਦੇਸ਼ ਦੀ ਰਾਜਧਾਨੀ ਅਤੇ ਹੋਰਨਾਂ ਥਾਵਾਂ ਉਤੇ ਇਕ ਘੱਟ ਗਿਣਤੀ ਨਾਲ ਸਬੰਧਤ ਲੋਕਾਂ ਨੂੰ ਇੰਨੇ ਵਹਿਸ਼ੀ ਤਰੀਕੇ ਨਾਲ ਮਾਰਿਆ ਗਿਆ।

ਸੈਸ਼ਨ ਦੇ ਆਖਿਰ 'ਚ ਅਪਣੀ ਵਾਰੀ ਆਉਣ 'ਤੇ ਬੋਲਦੇ ਹੋਏ ਸਾਰੀਆਂ ਗੱਲਾਂ ਦੇ ਪੜਾਅ ਵਾਰ ਜਵਾਬ ਦਿਤੇ ਗਏ। ਬਾਜਵਾ ਨੇ ਕਿਹਾ ਕਿ 1984 'ਚ ਜੋ ਹੋਇਆ ਉਹ ਬੇਹੱਦ ਨਿੰਦਣਯੋਗ ਹੈ। ਜੇਕਰ ਅਸੀਂ ਕਹਿੰਦੇ ਹਾਂ ਕਿ 1984 ਗ਼ਲਤ ਸੀ ਤਾਂ ਅਸੀਂ ਗੁਜਰਾਤ ਦੰਗਿਆਂ ਨੂੰ ਕਿਉਂ ਭੁੱਲ ਜਾਂਦੇ ਹਾਂ। ਉਨ੍ਹਾਂ ਕਿਹਾ ਦਲਿਤ ਜਗਮੇਲ ਸਿੰਘ ਦੀ ਹਤਿਆ ਪੂਰੀ ਤਰ੍ਹਾਂ ਨਿੰਦਣਯੋਗ ਹੈ। ਮੁੱਖ ਮੰਤਰੀ ਦੇ ਹੁਕਮਾਂ ਉਤੇ ਪੰਜਾਬ ਪੁਲਿਸ ਨੇ ਸੱਤ ਦਿਨਾਂ ਵਿਚ ਚਲਾਨ ਵੀ ਪੇਸ਼ ਕਰ ਦਿਤਾ ਹੈ। ਪਰ ਜਗਮੇਲ ਸਿੰਘ ਦੀ ਹੱਤਿਆ ਨੂੰ ਗਲਤ ਕਹਿ ਰਹੇ ਅਕਾਲੀ ਫ਼ਾਜ਼ਿਲਕਾ 'ਚ ਇਕ ਦਲਿੱਤ ਭੀਮ ਟਾਂਕ ਦੀ ਹਤਿਆ ਨੂੰ ਗਲਤ ਕਹਿਣਾ ਕਿਉਂ ਭੁੱਲ ਜਾਂਦੇ ਹਨ।

ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਦਲ ਖ਼ਾਸ ਕਰ ਬਾਦਲ ਪਰਵਾਰ 'ਤੇ ਬੜੇ ਹੀ ਤਿੱਖੇ ਤੇ ਸਿੱਧੇ ਵਾਰ ਕੀਤੇ। ਉਨ੍ਹਾਂ ਕਿਹਾ ਕਿ ਜਿਹੜਾ ਅਕਾਲੀ ਦਲ ਅੱਜ ਸੰਵਿਧਾਨ ਦਿਵਸ 'ਤੇ ਸੰਵਿਧਾਨ ਤੋੜਣ ਵਾਲਿਆਂ ਵਿਰੁਧ ਬੋਲਣ ਦੀ ਆਜਾਦੀ ਮੰਗ ਰਿਹਾ ਹੈ। ਉਸੇ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ 24 ਫ਼ਰਵਰੀ 1984 ਨੂੰ ਭਾਰਤ ਦਾ ਇਹੀ ਸੰਵਿਧਾਨ ਪਾੜਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਧਾਰਾ 370 ਤੋੜ ਕੇ ਜੰਮੂ-ਕਸ਼ਮੀਰ ਰਾਜ ਨੂੰ ਹੀ ਖ਼ਤਮ ਕਰ ਦਿਤਾ ਗਿਆ ਤਾਂ ਉਸੇ ਸਰਦਾਰ ਬਾਦਲ ਦੇ ਮੁੰਡੇ ਨੇ ਕੇਂਦਰ ਵਿਚ ਆਪਣੇ ਪਰਵਾਰ ਕੋਲ ਮਹਿਜ਼ ਇਕ ਮੰਤਰਾਲਾ ਬਚਾਈ ਰੱਖਣ ਦੇ ਨਿੱਜੀ ਲਾਲਚ ਵਿਚ ਆਪਣੇ ਬਾਪ-ਦਾਦਿਆਂ ਦਾ ਰਾਜਾਂ ਨੂੰ ਵੱਧ ਅਧਿਕਾਰਾਂ ਵਾਲਾ ਸਿਧਾਂਤ ਹੀ ਕੁਰਬਾਨ ਕਰ ਦਿਤਾ ਗਿਆ।

ਜਿਸ ਵਕਤ ਚੰਨੀ ਬੋਲ ਰਹੇ ਸਨ ਤਾਂ ਉਦੋਂ ਅਕਾਲੀ ਵਿਧਾਇਕ ਅਤੇ ਬਾਦਲ ਪਰਵਾਰ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਸਦਨ ਵਿਚ ਨਹੀਂ ਸਨ ਪਰ ਚੰਨੀ ਦੇ ਬੋਲਦੇ ਬੋਲਦਿਆਂ ਹੀ ਮਜੀਠੀਆ ਸਦਨ ਵਿਚ ਆ ਗਏ। ਬਾਦਲ ਪਰਵਾਰ 'ਤੇ ਇੰਨਾ ਸਿੱਧਾ ਹਮਲਾ ਵੇਖ ਮਜੀਠੀਆ ਆਉਂਦੇ ਹੀ ਤੈਸ਼ ਵਿਚ ਆ ਗਏ। ਉਨ੍ਹਾਂ ਰੌਲੇ ਰੱਪੇ 'ਚ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ 'ਤੇ 90 ਸਾਲ ਟੱਪ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕੀ ਹੁਣ ਇਹ ਕੱਲ੍ਹ ਦਾ ਜੰਮਿਆ ਸਿਆਸਤਦਾਨ ਚਰਨਜੀਤ ਸਿੰਘ ਚੰਨੀ ਤਸਦੀਕ ਕਰੇਗਾ?

ਮਜੀਠੀਆ ਜਦੋਂ ਪੂਰਾ ਜੋਰ ਲਾ ਬੋਲ ਹਟੇ ਤਾਂ ਚੰਨੀ ਨੇ ਉੱਠਕੇ ਸਫ਼ਾਈ ਦਿੱਤੀ ਕਿ ਉਨ੍ਹਾਂ ਨੇ ਰਾਜਾਂ ਨੂੰ ਵੱਧ ਅਧਿਕਾਰ ਦੇ ਮੁੱਦੇ ਉਤੇ ਪਹਿਰਾ ਦਿੰਦੇ ਦੇਣ ਬਦਲੇ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਉਲਟਾ ਸਿਫ਼ਤ ਕੀਤੀ ਹੈ ਸਗੋਂ ਉਲਟਾ ਇਹ ਕਿਹਾ ਹੈ ਕਿ ਬਾਦਲ ਦੇ ਮੁੰਡੇ ਨੇ ਆਪਣੀ ਪਤਨੀ ਲਈ ਮੰਤਰੀ ਦੀ ਕੁਰਸੀ ਬਚਾਉਣ ਲਈ ਬਾਪ-ਦਾਦੇ ਦੀ ਕਰੀ ਕੱਤਰੀ ਖੂਹ 'ਚ ਪਾ ਦਿੱਤੀ। ਜਿਸ ਉੱਤੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਚੰਨੀ ਦੀ ਹਿਮਾਇਤ ਉੱਤੇ ਆ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ 10 ਸਾਲ ਅਤਿਵਾਦ ਦੀ ਭੱਠੀ 'ਚ ਝੌਕੀ ਰੱਖਿਆ। ਜਿਸ ਉੱਤੇ ਮਜੀਠੀਆ ਨੇ ਜਵਾਬ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸੰਵਿਧਾਨ ਦੀ ਧਾਰਾ 25 ਦਾ ਵਿਰੋਧ ਕੀਤਾ ਹੈ ਤੇ ਅਕਾਲੀ ਦਲ ਹਮੇਸ਼ਾ ਕਰਦਾ ਰਹੇਗਾ। ਉਨ੍ਹਾਂ ਉਲਟਾ ਕਾਂਗਰਸ ਨੂੰ ਜੰਮੂ-ਕਸ਼ਮੀਰ ਉਤੇ ਸਟੈਂਡ ਆਪਣਾ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।