CM ਚੰਨੀ ਦਾ ਵਿਰੋਧ ਕਰ ਰਹੇ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਦੇ ਨਾਲ ਬਿਕਰਮ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਕਈ ਸੀਨੀਅਰ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

Sukhbir Singh Badal and other Akali leaders Arrested

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਦੇ ਨਾਲ ਹੋਰ ਅਕਾਲੀ ਆਗੂਆਂ ਨੂੰ ਵੀ ਸੀਐਮ ਹਾਊਸ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਰੋਕ ਲਿਆ, ਜਿਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਬੱਸਾਂ ਵਿਚ ਬਿਠਾ ਕੇ ਲੈ ਗਈ।

ਸੁਖਬੀਰ ਬਾਦਲ ਦੇ ਨਾਲ ਬਿਕਰਮ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਕਈ ਸੀਨੀਅਰ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਵਲੋਂ ਅਕਾਲੀ ਵਰਕਰਾਂ ’ਤੇ ਝੂਠੇ ਕੇਸ ਕੀਤੇ ਗਏ ਹਨ, ਇਸ ਲਈ ਹੁਣ ਅਸੀਂ ਵੀ ਤਿਆਰ ਹਾਂ, ਜੇ ਹਿੰਮਤ ਹੈ ਤਾਂ ਸਾਡੇ ’ਤੇ ਵੀ ਕਰੋ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਕੀਤੇ ਗਲਤ ਕੰਮਾਂ ਦਾ ਹਿਸਾਬ ਮੰਗਿਆ ਜਾਵੇਗਾ।

ਨਵਜੋਤ ਸਿੱਧੂ 'ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਸਿੱਧੂ ਸਾਬ੍ਹ ਨੇ ਦੋ ਸਾਲ ਪਹਿਲਾਂ ਹੀ ਐਸਟੀਐਫ ਦੀ ਰਿਪੋਰਟ ਜਾਰੀ ਕਰ ਦਿੱਤੀ, ਇਹ ਅਦਾਲਤੀ ਨਿਯਮਾਂ ਦੀ ਉਲੰਘਣਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਸੀਐਮ ਚੰਨੀ ਦੇ ਖਿਲਾਫ਼ ਹਨ, ਉਹ ਹੀਰੋ ਬਣਨਾ ਚਾਹੁੰਦੇ ਹਨ। ਉਹ ਚੰਨੀ ਨੂੰ ਧਮਕੀਆਂ ਦੇ ਰਹੇ ਹਨ। ਸਿੱਧੂ ਅਤੇ ਚੰਨੀ ਦੀ ਲੜਾਈ ਨੇ ਪੰਜਾਬ ਦੇ ਲੋਕ ਖ਼ਤਮ ਕਰ ਦਿੱਤੇ। ਸਿੱਧੂ ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਕਹਿਣ ਲਈ ਵੀ ਤਿਆਰ ਨਹੀਂ ਹਨ।

ਮੀਡੀਆ ਨਾਲ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਾਂਗਰਸ ਨੇ ਲੋਕਾਂ ਨੂੰ ਧੋਖਾ ਦੇ ਕੇ ਅਪਣੀ ਸਰਕਾਰ ਬਣਾਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਖੁਦ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਦਾ ਡਰਾਮਾ ਕਰ ਰਹੇ ਹਨ ਜਦਕਿ ਆਮ ਗਰੀਬ ਲੋਕ ਉਹਨਾਂ ਨੂੰ ਮਿਲਣ ਲਈ ਤਰਸ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਗ੍ਰਿਫ਼ਤਾਰੀਆਂ ਤੋਂ ਨਹੀਂ ਡਰਦੇ, ਇਹ ਸਾਡੇ ਵਿਰਸੇ ਵਿਚ ਹੈ, ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਅਸੀਂ ਅਪਣੀ ਆਵਾਜ਼ ਚੁੱਕਦੇ ਰਹਾਂਗੇ। ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਹੈ।