ਹਿਮਾਚਲ ਪੁਲਿਸ ਨੇ ਚੰਡੀਗੜ੍ਹ ਦੇ ਆਟੋ ਚਾਲਕ ਦਾ ਕੱਟਿਆ 27,500 ਰੁਪਏ ਦਾ ਚਲਾਨ, ਚਾਲਕ ਪਰੇਸ਼ਾਨ 

ਏਜੰਸੀ

ਖ਼ਬਰਾਂ, ਪੰਜਾਬ

ਦੁਖੀ ਦੁਰਗਾਨੰਦ ਨੇ ਦੱਸਿਆ ਕਿ ਅੱਜ ਤੱਕ ਮੈਂ ਆਟੋ ਲੈ ਕੇ ਹਿਮਾਚਲ ਨਹੀਂ ਗਿਆ, ਫਿਰ ਚਲਾਨ ਕਿਵੇਂ ਕੱਟਿਆ ਗਿਆ।

Himachal police issued a challan of 27,500 rupees to the auto driver of Chandigarh, the driver is upset

 

 ਚੰਡੀਗੜ੍ਹ - ਮੱਖਣਮਾਜਰਾ ਦੇ ਰਹਿਣ ਵਾਲੇ ਆਟੋ ਚਾਲਕ ਦੁਰਗਾਨੰਦ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਮੋਬਾਈਲ 'ਤੇ ਹਿਮਾਚਲ ਸੈਰ ਸਪਾਟਾ ਵਿਭਾਗ ਵੱਲੋਂ ਚਲਾਨ ਕੱਟਣ ਦਾ ਮੈਸੇਜ ਆਇਆ। ਬੱਦੀ ਵਿਚ ਕੱਟੇ ਗਏ ਚਲਾਨ ਵਿਚ ਮੋਬਾਈਲ ਅਤੇ ਆਟੋ ਨੰਬਰ ਦੁਰਗਾਨੰਦ ਦਾ ਹੈ ਪਰ ਨਾਮ ਰਾਮਲਾਲ ਲਿਖਿਆ ਹੋਇਆ ਹੈ। 27500 ਰੁਪਏ ਦਾ ਚਲਾਨ ਦੇਖ ਕੇ ਦੁਰਗਾਨੰਦ ਦੀ ਹਾਲਤ ਖ਼ਰਾਬ ਹੋ ਗਈ। ਦੁਖੀ ਦੁਰਗਾਨੰਦ ਨੇ ਦੱਸਿਆ ਕਿ ਅੱਜ ਤੱਕ ਮੈਂ ਆਟੋ ਲੈ ਕੇ ਹਿਮਾਚਲ ਨਹੀਂ ਗਿਆ, ਫਿਰ ਚਲਾਨ ਕਿਵੇਂ ਕੱਟਿਆ ਗਿਆ।

ਹੁਣ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਹਿਮਾਚਲ ਟਰਾਂਸਪੋਰਟ ਵਿਭਾਗ ਨੂੰ ਕੀਤੀ ਹੈ। ਦੁਰਗਾਨੰਦ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਦਾ ਤਿੰਨ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਤੇ ਉਸ ਦੇ ਤਿੰਨ ਬੱਚੇ ਹਨ। ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਉਹ ਹਮੇਸ਼ਾ ਸ਼ਾਮ ਪੰਜ ਵਜੇ ਘਰ ਪਹੁੰਚ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਹ ਲੰਬੀ ਦੂਰੀ ਦੀ ਸਵਾਰੀ ਨਹੀਂ ਲੈਂਦਾ।

ਪਰਿਵਾਰ ਆਟੋ ਚਲਾ ਕੇ ਗੁਜ਼ਾਰਾ ਕਰਦਾ ਹੈ। ਦੁਰਗਾਨੰਦ ਨੇ ਦੱਸਿਆ ਕਿ ਉਸ ਕੋਲ ਹਰਿਆਣਾ ਨੰਬਰ ਦਾ ਆਟੋ (ਐਚਆਰ 68 ਬੀ 8822) ਹੈ ਅਤੇ ਉਹ ਟਰਾਈਸਿਟੀ ਵਿਚ ਹੀ ਸਵਾਰੀਆਂ ਲੈ ਕੇ ਜਾਂਦਾ ਹੈ। ਉਸ ਦਾ ਮੋਬਾਈਲ ਘਰ ਵਿਚ ਹੀ ਰਹਿੰਦਾ ਹੈ। 24 ਨਵੰਬਰ ਦੀ ਸ਼ਾਮ ਨੂੰ ਉਸ ਨੇ ਆਪਣੀ ਧੀ ਨੂੰ ਉਸ ਦੇ ਮੋਬਾਈਲ 'ਤੇ ਸੁਨੇਹਾ ਚੈੱਕ ਕਰਨ ਲਈ ਕਿਹਾ। ਲਿੰਕ ਖੋਲ੍ਹਣ 'ਤੇ ਪਤਾ ਲੱਗਾ ਕਿ ਆਟੋ ਦਾ ਚਲਾਨ ਕੱਟਿਆ ਗਿਆ ਹੈ। ਹਿਮਾਚਲ ਟਰਾਂਸਪੋਰਟ ਨੇ ਚਲਾਨ ਦੀ ਲੋਕੇਸ਼ਨ ਚੰਡੀਗੜ੍ਹ ਤੋਂ 25 ਕਿਲੋਮੀਟਰ ਦੂਰ ਸੋਲਨ ਦੇ ਬੱਦੀ ਵਿਚ ਦੱਸੀ। ਦੁਰਗਾਨੰਦ ਦਾ ਕਹਿਣਾ ਹੈ ਕਿ ਉਹ ਉੱਥੇ ਕਦੇ ਨਹੀਂ ਗਿਆ। 

ਹਿਮਾਚਲ ਪ੍ਰਦੇਸ਼ ਰਾਜ ਕਾਨੂੰਨੀ ਸੇਵਾ ਅਥਾਰਟੀ, ਸ਼ਿਮਲਾ ਵਿਖੇ 27 ਨਵੰਬਰ ਨੂੰ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਵਿਚ ਚਲਾਨ ਦਾ ਭੁਗਤਾਨ ਕਰਨ ਲਈ ਦੁਰਗਾਨੰਦ ਦੇ ਮੋਬਾਈਲ ਨੰਬਰ 'ਤੇ ਇੱਕ ਸੁਨੇਹਾ ਪ੍ਰਾਪਤ ਹੋਇਆ ਹੈ। ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ ਚਲਾਨ ਆਰ.ਟੀ.ਓ ਦਫ਼ਤਰ ਜਾਂ ਲੋਕ ਅਦਾਲਤ ਵਿੱਚ ਜਮ੍ਹਾ ਕਰਵਾਇਆ ਜਾ ਸਕਦਾ ਹੈ। ਚਲਾਨ ਜਮ੍ਹਾ ਨਾ ਕਰਵਾਉਣ 'ਤੇ ਆਟੋ ਚਾਲਕ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।