ਆਰਥਿਕ ਤੰਗੀ ਨੇ ਘੇਰਿਆ ਭਗਵੰਤ ਮਾਨ, ਮੁੜ ਕਰਨਗੇ ਕਮੇਡੀ ਦਾ ਰੁਖ

ਏਜੰਸੀ

ਖ਼ਬਰਾਂ, ਪੰਜਾਬ

ਤਨਖ਼ਾਹ ਨਾਲ ਗੁਜ਼ਾਰਾ ਕਰਨ 'ਚ ਪੇਸ਼ ਆ ਰਹੀ ਹੈ ਮੁਸ਼ਕਲ

file photo

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਸਿਆਸੀ ਸਟੇਜਾਂ ਦੇ ਨਾਲ-ਨਾਲ ਹੁਣ ਲੋਕਾਂ ਨੂੰ ਸਟੇਜਾਂ 'ਤੇ ਹਸਾਉਂਦੇ ਵੀ ਨਜ਼ਰ ਆਉਣਗੇ। ਅਪਣੀ ਆਰਥਕ ਤੰਗੀ ਤੋਂ ਪ੍ਰੇਸ਼ਾਨ ਭਗਵੰਤ ਮਾਨ ਇਸ ਖੇਤਰ 'ਚ ਮੁੜ ਆਉਣ ਬਾਰੇ ਸੋਚ ਰਹੇ ਹਨ।

ਇਸ ਦਾ ਖੁਲਾਸਾ ਉਹ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਵੀ ਕਰ ਚੁੱਕੇ ਹਨ। ਭਗਵੰਤ ਮਾਨ ਅਨੁਸਾਰ ਉਨ੍ਹਾਂ ਨੂੰ ਤਨਖ਼ਾਹ ਨਾਲ ਗੁਜ਼ਾਰਾ ਕਰਨ 'ਚ ਮੁਸ਼ਕਲ ਪੇਸ਼ ਆ ਰਹੀ ਹੈ, ਲਿਹਾਜ਼ਾ ਉਹ ਹੁਣ ਸਿਆਸੀ ਸਟੇਜਾਂ ਦੇ ਨਾਲ ਨਾਲ ਕਮੇਡੀ ਦੇ ਖੇਤਰ 'ਚ ਮੁੜ ਸਰਗਰਮ ਹੋਣ ਦਾ ਮਨ ਬਣਾ ਚੁੱਕੇ ਹਨ।

ਮਾਨ ਅਨੁਸਾਰ ਉਨ੍ਹਾਂ ਨੇ ਇਸ ਸਬੰਧੀ ਬਕਾਇਦਾ ਇਜ਼ਾਜਤ ਵੀ ਲੈ ਲਈ ਗਈ ਹੈ ਅਤੇ ਅਗਲੇ ਸਾਲ ਮਾਰਚ ਮਹੀਨੇ ਉਹ ਆਸਟ੍ਰੇਲੀਆ ਵਿਖੇ ਸ਼ੋਅ ਕਰਨ ਜਾ ਰਹੇ ਹਨ। ਭਗਵੰਤ ਮਾਨ ਅਨੁਸਾਰ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ 50 ਹਜ਼ਾਰ ਤਨਖ਼ਾਹ ਮਿਲਦੀ ਹੈ, ਜਿਸ ਨਾਲ ਗੁਜ਼ਾਰਾ ਕਰਨ 'ਚ ਦਿੱਕਤ ਪੇਸ਼ ਆਉਂਦੀ ਹੈ। ਇਸ ਲਈ ਉਨ੍ਹਾਂ ਨੂੰ ਕਈ ਵਾਰ ਦੋਸਤਾਂ-ਮਿੱਤਰਾਂ ਤੋਂ ਉਧਾਰ ਵੀ ਲੈਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਸਿਆਸਤ ਦੇ ਨਾਲ ਨਾਲ ਮੁੜ ਸਟੇਜ ਸ਼ੋਅ ਕਰਨ ਦਾ ਫ਼ੈਸਲਾ ਕੀਤਾ ਹੈ।

ਦੱਸ ਦਈਏ ਕਿ ਕਲਾਕਾਰ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ ਸਾਲ 2012 ਵਿਚ ਸਿਆਸਤ 'ਚ ਐਂਟਰੀ ਕੀਤੀ ਸੀ। ਸਭ ਤੋਂ ਪਹਿਲਾਂ ਉਹ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ.ਪੀ.ਪੀ. ਵਲੋਂ ਚੋਣ ਮੈਦਾਨ 'ਚ ਕੁੱਦੇ ਸਨ। ਇਹ ਚੋਣ ਉਹ ਹਾਰ ਗਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਚ ਕਿਸਮਤ ਅਜਮਾਈ ਜੋ ਉਨ੍ਹਾਂ ਨੂੰ ਰਾਸ ਆ ਗਈ। ਉਹ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਹੁਣ 8 ਸਾਲ ਦੀ ਸਿਆਸਤ ਬਾਅਦ ਆਰਥਕ ਤੰਗੀ ਕਾਰਨ ਉਹ ਮੁੜ ਅਪਣੇ ਪੁਰਾਣੇ ਕਿੱਤੇ ਨਾਲ ਜੁੜਨ ਜਾ ਰਹੇ ਹਨ।

ਉਨ੍ਹਾਂ ਦੇ ਇਸ ਨਵੇਂ ਅਵਤਾਰ ਨਾਲ ਸਿਆਸੀ ਗਲਿਆਰਿਆ ਅੰਦਰ ਨਵੀਂ ਚਰਚਾ ਛਿੜਣ ਦੀ ਵੀ ਚਰਚਾ ਹੈ। ਕਿਉਂਕਿ ਹੁਣ ਤਕ ਇਹੀ ਸਮਝਿਆ ਜਾਂਦਾ ਰਿਹਾ ਹੈ ਕਿ ਇਕ ਵਾਰ ਸਿਆਸਤ ਵਿਚ ਦਾਖ਼ਲ ਹੋਣ ਨਾਲ ਆਦਮੀ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਕ ਵਾਰ ਸਿਆਸਤ ਵਿਚ ਆਉਣ ਬਾਅਦ ਆਉਣ ਵਾਲੀਆਂ ਪੁਸ਼ਤਾਂ ਦੇ ਅੰਨ-ਦਾਣੇ ਦਾ ਪ੍ਰਬੰਧ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਸਿਆਸਤਦਾਨ ਅਪਣੇ ਧੀਆਂ-ਪੁੱਤਰਾਂ ਨੂੰ ਸਿਆਸਤ 'ਚ ਲਿਆਉਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਹਨ। ਪਰ ਭਗਵੰਤ ਮਾਨ ਦਾ 8 ਸਾਲ ਸਿਆਸਤ ਵਿਚ ਰਹਿਣ ਤੇ 2 ਵਾਰ ਐਮ.ਪੀ. ਬਣਨ ਤੋਂ ਬਾਅਦ ਵੀ ਮੁੜ ਅਪਣੀਆਂ ਵਿੱਤੀ ਮਜਬੂਰੀਆਂ ਕਾਰਨ ਅਪਣੇ ਪੁਰਾਣੇ ਕਿੱਤੇ ਵੱਲ ਮੁੜਨਾ ਅਟਕਦਾ ਜ਼ਰੂਰ ਹੈ।