ਨਵੇਂ ਸਾਲ ਵਿਚ ਪੰਥ ਦੀ ਸਿਆਸਤ ਅਤੇ ਹੋਰ ਰਾਜਨੀਤਕ ਸਰਗਰਮੀਆਂ ਭਖਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੁਨੌਤੀਆਂ ਭਰਿਆ ਹੋਵੇਗਾ ਨਵਾਂ ਸਾਲ

File Photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥ ਦੀ ਸਿਆਸਤ ਨਵੇਂ ਸਾਲ ਵਿਚ ਭੱਖਣ ਦੀ ਸੰਭਾਵਨਾ ਹੈ। ਇਸ ਰਾਜਨੀਤੀ ਵਿਚ ਸੁਖਦੇਵ ਸਿੰਘ ਢੀਂਡਸਾ ਦੇ ਧੁਰਾ ਬਣਨ ਦੀ ਸੰਭਾਵਨਾ ਹੈ। ਨਵੇਂ ਸਾਲ ਵਿਚ ਸਮੂਹ ਸਿਆਸੀ ਦਲਾਂ ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਲਈ ਚੁਨੌਤੀਆਂ ਭਰਿਆ ਹੋਵੇਗਾ। ਸੁਖਦੇਵ ਸਿੰਘ ਢੀਂਡਸਾ ਸਮੇਤ ਪੰਥਕ ਦਲ ਕੇਂਦਰ 'ਤੇ ਜ਼ੋਰ ਪਾਉਣਗੇ

ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਸਿੱਖ ਗੁਰਦਵਾਰਾ ਚੋਣ ਕਮਿਸ਼ਨ ਦਾ ਗਠਨ ਕਰੇ ਤਾਂ ਜੋ ਸਿੱਖ ਕੌਮ ਦੀ ਮਿੰਨੀ ਸੰਸਦ ਦੀਆਂ ਚੋਣਾਂ ਦਾ ਰਾਹ ਪੱਧਰਾ ਹੋ ਸਕੇ। ਸਿੱਖ ਹਲਕਿਆਂ ਮੁਤਾਬਕ ਸਿੱਖ ਗੁਰਦਵਾਰਾ  ਕਮਿਸ਼ਨ ਦੀ ਨਿਯੁਕਤੀ ਹੋਣੀ ਬੜੀ ਜ਼ਰੂਰੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਜਾਣ-ਬੁਝ ਕੇ ਅਜਿਹਾ ਨਹੀਂ ਕੀਤਾ ਜਾ ਰਿਹਾ।

ਇਹ ਵੀ ਦੋਸ਼ ਲੱਗ ਰਹੇ ਹਨ ਕਿ ਮੋਦੀ ਸਰਕਾਰ ਨਾਲ ਬਾਦਲਾਂ ਦੀ ਸਾਂਝ ਹੋਣ ਕਰ ਕੇ ਵੀ ਮਸਲਾ ਲਟਕਾਇਆ ਜਾ ਰਿਹਾ ਹੈ। ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ਚੋਣਾਂ ਦਾ ਜ਼ੋਰ ਫੜਨ ਲਈ, ਸਿਆਸੀ ਦਲ ਆਪਸੀ ਅਭਿਆਸ ਕਰ ਰਹੇ ਹਨ। ਕਾਂਗਰਸ ਪਾਰਟੀ ਵਿਚ ਵੀ ਸੱਭ ਕੁੱਝ ਠੀਕ ਨਹੀਂ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਰੁਧ ਪੰਥਕ ਦਲ ਖ਼ਫ਼ਾ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਾਣ-ਬੁਝ ਕੇ ਫੜੇ ਨਹੀਂ ਜਾ ਰਹੇ।

ਸਰਕਾਰ ਇਸ ਪ੍ਰਤੀ ਗੰਭੀਰਤਾ ਨਹੀਂ ਵਿਖਾ ਰਹੀ। ਪੰਜਾਬ ਦੀ ਰਾਜਨੀਤੀ ਸਮਝਣ ਵਾਲਿਆਂ ਮੁਤਾਬਕ ਵਿਰੋਧੀ ਧਿਰ ਅਪਣੀ ਸਮਰੱਥਾ ਅਨੁਸਾਰ ਲੋਕ ਤੇ ਭਖਦੇ ਮਸਲੇ ਚੁਕ ਰਹੀ ਹੈ ਪਰ ਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਮਸਲਿਆਂ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬੀ ਬੋਲਦੇ ਇਲਾਕਿਆਂ, ਦਰਿਆਈ ਮਸਲੇ, ਅਨੰਦਪੁਰ ਸਾਹਿਬ ਦਾ ਮਤਾ, ਵਿਸਾਰ ਦਿਤਾ ਗਿਆ ਹੈ।

ਸਿੱਖ ਵਿਦਵਾਨ ਇਹ ਦੋਸ਼ ਲਾ ਰਹੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਗ਼ੈਰ-ਮਿਸ਼ਨਰੀ ਬਣ ਗਏ ਹਨ। ਉਹ ਸਮਝੌਤਿਆਂ ਦੀ ਸਿਆਸਤ ਕਰਦੇ ਹਨ ਤਾਂ ਜੋ ਵੋਟ ਬੈਂਕ ਪੱਕਾ ਕੀਤਾ ਜਾ ਸਕੇ। ਅੰਦੋਲਨਾਂ ਵਿਚੋਂ ਨਿਕਲੇ ਸ਼੍ਰੋਮਣੀ ਅਕਾਲੀ ਦਲ ਦਾ ਮੁਢਲਾ ਸਿਧਾਂਤ ਸਿੱਖ ਹਿਤਾਂ ਦੀ ਰਾਖੀ ਕਰਨਾ ਸੀ ਪਰ ਬਾਦਲ ਅਜਿਹਾ ਕੁੱਝ ਨਹੀਂ ਕਰ ਸਕੇ ਅਪਣੇ 15 ਸਾਲਾਂ ਦੇ ਰਾਜ ਵਿਚ।