ਪੰਜਾਬ ਪੁਲਿਸ ਦੇ SI ਦਾ ਨਵਜੋਤ ਸਿੱਧੂ ਨੂੰ ਜਵਾਬ, “ਸਿੱਧੂ ਸਾਬ੍ਹ ਅਸੀਂ ਡਰਪੋਕ ਨਹੀਂ, ਦਲੇਰ ਹਾਂ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਵਾਂਦਾ ਵਿਚ ਘਿਰ ਗਏ ਹਨ।

Punjab Police SI reply to Navjot Sidhu

ਜਲੰਧਰ : ਪੰਜਾਬ ਪੁਲਿਸ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਵਾਂਦਾ ਵਿਚ ਘਿਰ ਗਏ ਹਨ। ਇਸ ਦੇ ਚਲਦਿਆਂ ਜਲੰਧਰ ਦਿਹਾਤੀ ਤੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਨਵਜੋਤ ਸਿੱਧੂ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਡਰਪੋਕ ਨਹੀਂ, ਦਲੇਰ ਹਾਂ।

ਉਹਨਾਂ ਕਿਹਾ ਕਿ ਇਕ ਬਹੁਤ ਵੱਡੇ ਅਹੁਦੇਦਾਰ ਵਲੋਂ ਪੰਜਾਬ ਪੁਲਿਸ ਖਿਲਾਫ਼ ਅਜਿਹੀ ਸ਼ਬਦਾਵਲੀ ਵਰਤਣਾ ਬੇਹੱਦ ਮੰਦਭਾਗੀ ਗੱਲ ਹੈ। ਉਹਨਾਂ ਨੇ ਇਸ ਦੀ ਨਿੰਦਾ ਕਰਦਿਆਂ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਕਿ ਪੰਜਾਬ ਪੁਲਿਸ ਦੇ ਅਕਸ ਨੂੰ ਖਰਾਬ ਨਾ ਹੋਣ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਅਸੀਂ ਅਪਣੇ ਪਰਿਵਾਰਾਂ ਸਮੇਤ ਇਸ ਸਮਾਜ ਵਿਚ ਰਹਿ ਰਹੇ ਹਾਂ ਅਤੇ ਸਾਡੇ ਬੱਚੇ ਸਾਨੂੰ ਪੁੱਛ ਰਹੇ ਹਨ ਕਿ ਸਾਡੇ ਖਿਲਾਫ਼ ਅਜਿਹੀ ਭਾਸ਼ਾ ਕਿਉਂ ਵਰਤੀ ਜਾ ਰਹੀ ਹੈ। ਐਸਆਈ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਵਿਚ ਮਹਿਲਾ ਅਫਸਰਾਂ ਵੀ ਵੱਡੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੀਆਂ ਹਨ ਅਤੇ ਇਹ ਅਫਸੋਸ ਦੀ ਗੱਲ ਹੈ ਕਿ ਸਿੱਧੂ ਸਾਬ੍ਹ ਨੇ ਇਹ ਬਿਆਨ ਸਾਰੀ ਪੰਜਾਬ ਪੁਲਿਸ ਲਈ ਦਿੱਤਾ ਹੈ।

ਉਹਨਾਂ ਕਿਹਾ ਕਿ ਅਸੀਂ ਡਰਪੋਕ ਨਹੀਂ, ਦਲੇਰ ਹਾਂ। ਸਾਡੀ ਦਲੇਰੀ ਦੇ ਕਿੱਸੇ ਪੂਰਾ ਮੁਲਕ ਜਾਣਦਾ ਹੈ। ਅਤਿਵਾਦ ਦੌਰਾਨ ਅਸੀਂ ਅਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਇਸ ਮੁਲਕ ਨੂੰ ਅਤੇ ਪੰਜਾਬ ਨੂੰ ਹਰਿਆ ਭਰਿਆ ਕੀਤਾ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੱਡੇ-ਵੱਡੇ ਲੋਕ ਵੀ ਘਰਾਂ ਅੰਦਰ ਵੜ ਗਏ ਪਰ ਪੰਜਾਬ ਪੁਲਿਸ ਨੇ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਦਿਨ ਰਾਤ ਲੋੜਵੰਦਾਂ ਦੀ ਸੇਵਾ ਕੀਤੀ ਅਤੇ ਅਪਣੀ ਡਿਊਟੀ ਨਿਭਾਈ।