ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚਾਲੇ ਧੜੇਬੰਦੀ ਦੀ ਸ਼ੰਕਾ : ਅਕਾਲੀ ਦਲ ਦੀ ਉੱਡੀ ਨੀਂਦ!

ਏਜੰਸੀ

ਖ਼ਬਰਾਂ, ਪੰਜਾਬ

ਢੀਂਡਸਾ ਤੇ ਟਕਸਾਲੀਆਂ ਪੱਖੀ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ 'ਤੇ ਰੱਖੀ ਜਾ ਰਹੀ ਹੈ ਨਜ਼ਰ

file photo

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਿਚਾਲੇ ਕਾਂਟੋ-ਕਲੇਸ਼ ਦਾ ਅਸਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਵਿਖਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਅੰਦਰ ਵੀ ਕਾਬਜ਼ ਧਿਰ ਅਕਾਲੀ ਦਲ ਦੀ ਹਾਲਤ ਹੁਣ ਬਹੁਤੀ ਚੰਗੀ ਨਹੀਂ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਐਲਾਨ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਕੋਈ ਖਾਸੀ ਹਿੱਲਜੁਲ ਤਾਂ ਨਹੀਂ ਹੋਈ ਸੀ, ਪਰ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਜਿਹੇ ਇਕ ਵੱਡੇ ਥੰਮ ਦੇ ਪਲਟਾ ਮਾਰ ਜਾਣ ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਸੱਤਾ ਦੇ ਕੇਂਦਰ ਹੁਣ ਵੰਡੇ ਜਾ ਰਹੇ ਹੋਣ ਦਾ ਪ੍ਰਭਾਵ ਗਿਆ ਹੈ।

ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਤਾਜ਼ਾ ਘਟਨਾਕ੍ਰਮ ਅਤੇ ਅੰਦਰੂਨੀ ਗਤੀਵਿਧੀਆਂ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ। ਬਾਦਲ ਦੀ ਤਾਜ਼ਾ ਅੰਮ੍ਰਿਤਸਰ ਫੇਰੀ ਨੂੰ ਵੀ ਇਸੇ ਗੱਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਇਕ ਅੰਦਰੂਨੀ ਅਹੁਦੇਦਾਰ ਕਹਿਣਾ ਹੈ ਕਿ ਪ੍ਰਧਾਨ ਸਾਹਿਬ ਨੇ ਤਾਂ ਢੀਂਡਸਾ ਧੜੇ ਨਾਲ ਪੱਕੇ ਮੰਨੇ ਜਾਂਦੇ ਤਿੰਨ ਤੋਂ ਚਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਪੈੜਾਂ ਨੱਪਣ ਦੇ ਵੀ ਨਿਰਦੇਸ਼ ਦੇ ਦਿਤੇ ਹਨ ਅਤੇ ਨਾਲ ਹੀ ਸੁਝਾਇਆ ਗਿਆ ਹੈ ਕਿ ਇਸ 'ਕਾਰਜ' ਲਈ ਕਈ ਵਾਰ ਅਜ਼ਮਾਇਆ ਗਿਆ ਤਰੀਕਾ, ਇਨ੍ਹਾਂ ਮੈਂਬਰਾਂ ਦੇ ਡਰਾਈਵਰਾਂ ਅਤੇ ਹੋਰ ਅਧੀਨਸਥ ਅਮਲੇ ਨੂੰ ਜਾਂ ਤਾਂ ਪਹਿਲਾਂ ਅਪਣੇ ਭਰੋਸੇ ਵਿਚ ਲੈ ਕੇ ਜਾਂ ਫਿਰ ਪਹਿਲਾਂ ਉਨ੍ਹਾਂ ਦੀਆਂ ਹੀ ਪੈੜਾਂ ਨੱਪ ਕੇ ਅਪਣਾਇਆ ਜਾਵੇ।

ਅਕਾਲੀ ਦਲ ਪ੍ਰਧਾਨ ਸ. ਬਾਦਲ ਨੇ ਬੀਤੇ ਦਿਨੀਂ ਜੋ ਅੰਮ੍ਰਿਤਸਰ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਦੀ ਜ਼ੁਬਾਨ ਟਪਲਾ ਖਾ ਗਈ। ਜਿਸ ਨੂੰ ਕਿ ਇਕ ਧੜਾ ਇਹ ਕਹਿ ਕੇ ਨਰਮ ਕਰਨ ਦੀ ਕੋਸ਼ਿਸ਼ 'ਚ ਹੈ ਕਿ ਸੁਖਬੀਰ ਦਰਬਾਰ ਸਾਹਿਬ ਦੇ ਨੀਂਹ ਪੱਥਰ ਲਈ 'ਗੁਰਸਿੱਖ' ਲਫ਼ਜ਼ ਵਰਤਣਾ ਚਾਹੁੰਦੇ ਸਨ ਤੇ ਉਨ੍ਹਾਂ ਦੇ ਮੂੰਹ ਤੋਂ 'ਅੰਮ੍ਰਿਤਧਾਰੀ ਸਿੱਖ' ਨਿਕਲ ਗਿਆ। ਪਰ ਪਾਰਟੀ ਵਾਂਗੂੰ ਹੀ ਅਸ਼ਾਂਤ ਸਥਿਤੀ 'ਚ ਪਹੁੰਚੀ ਹੋਈ ਸ਼੍ਰੋਮਣੀ ਕਮੇਟੀ ਵਿਚ ਇਸ ਦਾ ਨਕਾਰਾਤਮਕ ਅਸਰ ਵੀ ਜਾਂਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਹੀ ਇਕ ਵੱਡਾ ਧੜਾ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਹੈ ਕਿ ਘੱਟੋ-ਘੱਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰ ਰਹੇ ਅਤੇ ਅਪਣੇ-ਆਪ ਨੂੰ ਪੰਥਕ ਸਿਆਸੀ ਧਿਰ ਅਖਵਾਉਂਦੀ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਲੋਂ ਅਜਿਹੀ ਉਕਾਈ ਦੀ ਹਰਗਿਜ਼ ਉਮੀਦ ਨਹੀਂ ਕੀਤੀ ਜਾ ਸਕਦੀ।


ਮੰਨਿਆ ਜਾ ਰਿਹਾ ਹੈ ਕਿ ਬਾਦਲ ਧੜੇ ਵਿਰੋਧੀ ਸ਼੍ਰੋਮਣੀ ਕਮੇਟੀ ਖੇਮਾ ਇਸ ਗੱਲ ਨੂੰ ਵੀ ਸਿੱਖ ਇਤਿਹਾਸ ਅਤੇ ਸਿੱਖ ਮਰਿਆਦਾ 'ਚ ਪ੍ਰਪੱਕਤਾ ਨਾਲ ਜੋੜ ਕੇ ਇਸ ਪਾਸੇ ਲਿਜਾਣ ਦੀ ਕੋਸ਼ਿਸ਼ 'ਚ ਹੈ ਕਿ ਘੱਟੋ-ਘੱਟ ਅਜਿਹੀ ਪਾਰਟੀ ਦਾ ਆਗੂ ਪਹਿਲਾਂ ਖੁਦ ਸਿੱਖ ਧਰਮ ਬਾਰੇ ਪ੍ਰਤੱਖ ਹੋਵੇ।

ਸੂਤਰਾਂ ਅਨੁਸਾਰ ਸੁਖਬੀਰ ਨੇ ਅਗਲੇ ਦਿਨਾਂ ਵਿਚ ਮਾਲਵਾ ਇਲਾਕੇ 'ਚ ਸੰਗਰੂਰ 'ਚ ਕੀਤੀ ਜਾਣ ਵਾਲੀ ਰੈਲੀ ਲਈ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਚੁਣੌਤੀਪੂਰਨ ਜ਼ਿੰਮੇਵਾਰੀ ਦਿਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੌਂਗੋਵਾਲ ਨੂੰ ਇਸ ਰੈਲੀ ਦੀ ਸਫ਼ਲਤਾ-ਅਸਫ਼ਲਤਾ ਨੂੰ ਸ਼੍ਰੋਮਣੀ ਕਮੇਟੀ ਉੱਤੇ ਅਪਣੀ ਪਕੜ ਦੇ ਪੈਮਾਨੇ ਵਜੋਂ ਵੇਖਣ ਦਾ ਇਸ਼ਾਰਾ ਪਹਿਲਾਂ ਹੀ ਕਰ ਦਿਤਾ ਗਿਆ ਹੈ।