ਥਾਣੇ 'ਚੋਂ ਛੁਟ ਮਜੀਠੀਏ ਨੇ ਮੁੜ ਵਿਖਾਏ ਤੇਵਰ, ਮੀਡੀਆ ਸਾਹਮਣੇ ਕੱਢੀ ਦਿਲ ਦੀ ਭੜਾਸ!

ਏਜੰਸੀ

ਖ਼ਬਰਾਂ, ਪੰਜਾਬ

ਵਿੱਤ ਮੰਤਰੀ ਦੀ ਰਿਹਾਇਸ਼ ਸਾਹਮਣੇ ਕੀਤਾ ਸੀ ਪ੍ਰਦਰਸ਼ਨ

file photo

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ। ਜਿੱਥੇ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਵਿਧਾਇਕਾਂ ਨੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਦੇ ਰੋਕਣ 'ਤੇ ਜਦੋਂ ਉਨ੍ਹਾਂ ਨੇ ਪ੍ਰਦਰਸ਼ਨ ਜਾਰੀ ਰੱਖਿਆ ਤਾਂ ਖਿੱਚ-ਧੂਹ ਤੋਂ ਬਾਅਦ ਪੁਲਿਸ ਨੇ ਮਜੀਠੀਆ ਸਮੇਤ ਬਾਕੀਆਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਈ।

ਥਾਣੇ 'ਚੋਂ ਛੁਟਣ ਬਾਅਦ ਬਿਕਰਮ ਸਿੰਘ ਮਜੀਠੀਆ ਸਰਕਾਰ ਖਿਲਾਫ਼ ਮੁੜ ਹਮਲਾਵਾਰ ਹੋ ਗਏ। ਇਸੇ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਖੂਬ ਖਰੀਆ ਖੋਟੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਜਿਹੋ ਜਿਹਾ ਵਰਤਾਓ ਸਾਡੇ ਅਤੇ ਖੁਦਕੁਸ਼ੀਆਂ ਕਰਨ ਵਾਲੇ ਪਰਵਾਰਾਂ ਨਾਲ ਕੀਤਾ ਗਿਆ ਹੈ, ਉਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਪਰਵਾਰ ਤਾਂ ਵਿੱਤ ਮੰਤਰੀ ਨੂੰ ਮਿਲਣ ਲਈ ਪਹੁੰਚੇ ਸਨ ਜਿਨ੍ਹਾਂ ਨਾਲ ਪੁਲਿਸ ਨੇ ਕਾਫ਼ੀ ਖਿੱਚ ਧੂਹ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣ ਮੈਨੀਫੈਸਟੋ ਵਿਚ ਲਿਖਿਆ ਹੋਇਆ ਹੈ ਕਿ ਜੇਕਰ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ, ਉਨ੍ਹਾਂ ਦੇ ਪਰਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇਗੀ। ਕਰਜ਼ਾ ਮੁਆਫ਼ ਅਤੇ ਬੱਚਿਆਂ ਦੀ ਪੜ੍ਹਾਈ ਸਮੇਤ 10 ਲੱਖ ਰੁਪਏ ਮਦਦ ਦੀ ਤੌਰ 'ਤੇ ਦਿਤੇ ਜਾਣਗੇ। ਪਰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਸਾਡੇ ਨਾਲ ਜੋ ਵਿਵਹਾਰ ਕੀਤਾ ਗਿਆ ਹੈ, ਉਹ ਸਭ ਸਾਜ਼ਿਸ਼ ਤਹਿਤ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਬਜਟ ਨਹੀਂ ਪੜ੍ਹਿਆ ਗਿਆ, ਉਦੋਂ ਤਕ ਸਾਨੂੰ ਛੱਡਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸਰਕਾਰ ਲੋਕਾਂ ਨਾਲ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਨਹੀਂ ਕਰਦੀ, ਸਾਡਾ ਸੰਘਰਸ਼ ਜਾਰੀ ਰਹੇਗਾ।