ਰੋਜ਼ ਗਾਰਡਨ 'ਚ 48ਵਾਂ ਗੁਲਾਬਾਂ ਦਾ ਮੇਲਾ ਅੱਜ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਰਨ ਖੇਰ 11 ਵਜੇ ਕਰਨਗੇ ਉਦਘਾਟਨ, ਮੇਲੇ ਦਾ ਥੀਮ ਸ਼ਹਿਰ ਪਲਾਸਟਿਕ ਮੁਕਤ ਕਰਨਾ

Photo

ਚੰਡੀਗੜ੍ਹ: ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਤਿੰਨ ਰੋਜ਼ਾ 48ਵਾਂ ਗੁਲਾਬਾਂ ਦਾ ਮੇਲਾ ਰੋਜ਼ ਗਾਰਡਨ ਸੈਕਟਰ-16 ਵਿਚ ਅੱਜ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ। ਪ੍ਰਸ਼ਾਸਨ ਵਲੋਂ ਇਸ ਮੇਲੇ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ, ਜਿਸ ਦਾ ਉਦਘਾਟਨ ਸੰਸਦ ਮੈਂਬਰ ਕਿਰਨ ਖੇਰ ਕਰਨਗੇ। ਇਹ ਮੇਲਾ 28 ਫ਼ਰਵਰੀ ਤੋਂ 1 ਮਾਰਚ ਤਕ ਚਲੇਗਾ।

ਇਸ ਦੌਰਾਨ ਬਾਗ਼ਵਾਨੀ ਵਿਭਾਗ ਵਲੋਂ 700 ਤੋਂ ਵੱਧ ਖ਼ੂਬਸੂਰਤ ਗੁਲਾਬਾਂ ਦੇ ਫੁੱਲਾਂ ਦੀਆਂ ਕਿਸਮਾਂ ਵੱਖ-ਵੱਖ ਕਿਆਰੀਆਂ 'ਚ ਦਰਸ਼ਕਾਂ ਦਾ ਸਵਾਗਤ ਕਰਨਗੀਆਂ। ਇਸ ਮੌਕੇ ਗੀਤ ਸੰਗੀਤ ਦੀਆਂ ਵੰਨਗੀਆਂ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਜਾਣਗੀਆਂ।

ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਨੁਸਾਰ ਇਸ ਸਾਲਾਨਾ ਮੇਲੇ ਨੂੰ ਰੋਚਕ ਬਣਾਉਣ ਲਈ ਫੁੱਲਾਂ ਦੇ ਮੁਕਾਬਲੇ, ਰੋਜ਼ ਪ੍ਰਿੰਸ ਅਤੇ ਰੋਜ਼ ਪ੍ਰਿੰਸਜ਼ ਤੋਂ ਇਲਾਵਾ ਫ਼ੋਟੋ ਪ੍ਰਦਰਸ਼ਨੀ, ਰੋਜ਼ ਕੁਈਨ ਤੇ ਰੋਜ਼ ਕਿੰਗ, ਪਤੰਗਬਾਜ਼ੀ, ਸਪੌਟ ਪੇਂਟਿੰਗ ਤੇ ਗੀਤ-ਸੰਗੀਤ ਦੇ ਮੁਕਾਬਲੇ ਆਦਿ ਕਰਵਾਏ ਜਾਣਗੇ।

ਕਮਿਸ਼ਨਰ ਅਨੁਸਾਰ ਇਸ ਮੇਲੇ ਵਿਚ ਐਤਕੀ ਚੰਡੀਗੜ੍ਹ ਸ਼ਹਿਰ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਅਤੇ ਨਾਰੀ ਸ਼ਕਤੀ ਨੂੰ ਉਭਾਰਨ ਲਈ ਵਿਸ਼ਾ ਰਖਿਆ ਗਿਆ ਹੈ। ਇਸ ਦੌਰਾਨ ਮੇਲੇ ਵਿਚ ਭੀੜ-ਭੜੱਕਾ ਘੱਟ ਕਰਨ ਤੇ ਸਾਫ਼-ਸੁਥਰਾ ਮਾਹੌਲ ਦੇਣ ਲਈ ਪ੍ਰਸ਼ਾਸਨ ਵਲੋਂ ਸੈਕਟਰ-2 ਵਿਚ ਫ਼ੂਡ ਸਟਾਲ ਅਤੇ ਹੋਰ ਵਪਾਰਕ ਸੈਂਟਰ ਆਦਿ ਲਗਾਏ ਜਾਣਗੇ।

ਸੈਕਟਰ-17 ਤੇ 16 ਵਿਚਕਾਰ ਬਣੇ ਨਵੇਂ ਅੰਡਰਪਾਸ ਰਾਹੀਂ ਮੇਲਾ ਵੇਖਣ ਆਏ ਮੇਲੀ ਇਧਰੋਂ-ਉਥਰ ਆਰ-ਪਾਰ ਆਸਾਨੀ ਨਾਲਾ ਆ-ਜਾਣ ਸਕਣਗੇ। ਪ੍ਰਸ਼ਾਸਨ ਵਲੋਂ ਪ੍ਰਸਿਧ ਕਲਾਕਾਰਾਂ ਰਾਹੀਂ ਗੀਤ-ਸੰਗੀਤ ਦੇ ਪ੍ਰੋਗਰਾਮ ਸ਼ਾਮ ਵੇਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਦਰਸ਼ਕ 1700 ਰੁਪਏ ਦੇ ਕੇ ਹੈਲੀਕਾਪਟਰ 'ਤੇ ਪ੍ਰਤੀ ਸਵਾਰੀ ਝੂਟੇ ਲੈ ਸਕਣਗੇ। ਇਸ ਲਈ ਲੋਕ ਆਨਲਾਈਨ ਟਿਕਟ ਵੀ ਬੁਕ ਕਰਵਾ ਸਕਣਗੇ।