ਲੁਧਿਆਣਾ ਸ਼ਾਹੀਨ ਬਾਗ਼ ਪੁੱਜੇ ਡਾ. ਅੰਬੇਦਕਰ ਦੇ ਪੜਪੋਤਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਣ ਵਾਲੀ ਗੱਲ ਹੈ ਕਿ ਹਰ ਭਾਰਤੀ ਦੀ ਨਾਗਰਿਕਤਾ ਬਚਾਉਣ ਲਈ ਮੁਸਲਮਾਨ ਅੰਦੋਲਨ ਕਰ ਰਹੇ ਨੇ : ਰਾਜ ਰਤਨ ਅੰਬੇਦਕਰ

Photo

ਲੁਧਿਆਣਾ : ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਸੰਵਿਧਾਨ ਅਤੇ ਹਰ ਇਕ ਭਾਰਤੀ ਦੇ ਆਤਮ ਸਨਮਾਨ ਲਈ ਮੁਸਲਮਾਨ ਸੱਭ ਤੋਂ ਪਹਿਲਾਂ ਅੰਦੋਲਨ ਕਰ ਰਹੇ ਹਨ, ਇਹ ਗੱਲ ਇਥੇ ਲੁਧਿਆਣਾ ਸ਼ਾਹੀਨ ਬਾਗ਼ ਦੇ 16ਵੇਂ ਦਿਨ ਪ੍ਰਦਰਸ਼ਨਕਾਰੀਆਂ ਦਾ ਹੌਂਸਲਾ ਵਧਾਉਣ ਲਈ ਪੁੱਜੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੇ ਪੜਪੋਤਰੇ ਸ਼੍ਰੀ ਰਾਜ ਰਤਨ ਅੰਬੇਦਕਰ ਨੇ ਕਹੀ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ ਦੀ ਗੱਲ ਲੋਕਸਭਾ ਵਿਚ ਕਰ ਕੇ ਸਿੱਧਾ ਸੰਵਿਧਾਨ 'ਤੇ ਹਮਲਾ ਕੀਤਾ ਹੈ।
ਰਾਜ ਰਤਨ ਅੰਬੇਦਕਰ ਨੇ ਕਿਹਾ ਕਿ ਇਹ ਅੰਦੋਲਨ ਕਿਸੇ ਵਿਸ਼ੇਸ਼ ਧਰਮ ਦਾ ਨਹੀਂ ਹੈ ਇਹ ਗੱਲ ਸੱਭ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਐਨ.ਆਰ.ਸੀ., ਐਨ.ਪੀ.ਆਰ. ਵਿਚ ਸਿਰਫ ਮੁਸਲਮਾਨਾਂ ਦਾ ਨਾਮ ਨਹੀਂ ਆਉਣ ਵਾਲਾ ਕਿਉਂਕਿ ਇਸ ਦੇਸ਼ ਵਿਚ 80 ਫ਼ੀ ਸਦੀ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਅਪਣੇ ਪਿਤਾ-ਦਾਦਿਆਂ ਦਾ ਕੋਈ ਵੀ ਪ੍ਰਮਾਣ ਪੁੱਤਰ ਤਕ ਨਹੀਂ ਹੈ।

ਮੋਦੀ ਸਰਕਾਰ ਦੇਸ਼ ਦੀ ਬਹੁਤ ਵੱਡੀ ਗਿਣਤੀ ਨੂੰ ਵੋਟ ਪਾਉਣ ਦੇ ਹੱਕਾਂ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਉਨ੍ਹਾਂ ਦਿੱਲੀ ਵਿਚ ਸਰਕਾਰੀ ਤੌਰ 'ਤੇ ਕਰਵਾਈ ਜਾ ਰਹੀ ਹਿੰਸਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਰਾਜ ਰਤਨ ਅੰਬੇਦਕਰ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਕਾਰਜ਼ ਪ੍ਰਣਾਲੀ ਸ਼ਰਮਨਾਕ ਹੈ ਉਥੇ ਸਿੱਧੇ ਤੌਰ 'ਤੇ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ।

ਰਾਜ ਰਤਨ ਅੰਬੇਡਕਰ ਨੇ ਕਿਹਾ ਕਿ ਭਾਰਤ ਦੇ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਸ਼ਾਹੀਨ ਬਾਗ਼ ਅੰਦੋਲਨ ਵਿਚ ਸ਼ਾਮਲ ਹੋ ਕੇ ਸਰਕਾਰ ਵਿਰੁਧ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁੱਜਣ ਤੇ ਜਦੋਂ ਪਤਾ ਲਗਿਆ ਕਿ ਇੱਥੇ ਵੀ ਸ਼ਾਹੀਨ ਬਾਗ਼ ਅੰਦੋਲਨ ਚੱਲ ਰਿਹਾ ਹੈ ਤਾਂ ਮੈਂ ਇਸ 'ਚ ਸ਼ਾਮਲ ਹੋਣ ਲਈ ਪੁੱਜਿਆ ਹਾਂ।

ਜ਼ਿਕਰਯੋਗ ਹੈ ਕਿ ਵਿਸ਼ਵਕਰਮਾ ਕਾਲੋਨੀ ਜਮਾਲਪੁਰ, ਸ਼ਕਤੀ ਨਗਰ, ਨਿਉ ਸ਼ਕਤੀ ਨਗਰ, ਗੁਰੂ ਗੋਬਿੰਦ ਸਿੰਘ ਨਗਰ ਤੋਂ ਮੁਹਮੰਦ ਰੱਬਾਨੀ, ਮੁਹਮੰਦ ਸਈਦ ਉਲ, ਇਮਾਮੂਦੀਨ, ਹਾਜੀ ਨੌਸ਼ਾਦ, ਮੁਹਮੰਦ ਕਮਰੂਦੀਨ, ਹਾਜੀ ਤਹਿਸੀਨ, ਮੁਹਮੰਦ ਯਾਕੂਬ, ਮੁਹਮੰਦ ਅਹਿਸਾਨ, ਮੁਹਮੰਦ ਅਜੀਜੁਲ, ਮੁਹਮੰਦ ਯਾਦ ਅੱਲੀ, ਮੁਹਮੰਦ ਰਿਜਵਾਨ ਦੀ ਪ੍ਰਧਾਨਗੀ ਵਿੱਚ ਔਰਤਾਂ ਦਾ ਵੱਡੀ ਗਿਣਤੀ ਵਿੱਚ ਕਾਫਿਲਾ ਲੁਧਿਆਣਾ ਸ਼ਾਹੀਨ ਬਾਗ਼ ਵਿਚ ਪੁੱਜਿਆ। 

ਸ਼ਾਹੀਨ ਬਾਗ਼ ਨੂੰ ਗਿਆਨੀ ਕੇਵਲ ਸਿੰਘ ਨੇ ਵੀ ਸੰਬੋਧਨ ਕੀਤਾ

ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਲੁਧਿਆਣਾ ਸ਼ਾਹੀਨ ਬਾਗ਼ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ। ਗਿਆਨੀ ਕੇਵਲ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਇਸ ਸੰਘਰਸ਼ ਵਿਚ ਸਾਰਾ ਸਿੱਖ ਸਮੂਦਾਏ ਤੁਹਾਡੇ ਨਾਲ ਹੈ।

ਕੇਵਲ ਸਿੰਘ ਨੇ ਕਿਹਾ ਕਿ ਜੋ ਲੋਕ ਦਿੱਲੀ ਵਿਚ ਆਤੰਕ ਫੈਲ ਰਹੇ ਹਨ ਉਹ ਉਹੀ ਲੋਕ ਹਨ ਜਿਨ੍ਹਾਂ ਨੇ 1984 ਵਿਚ ਸਿੱਖਾਂ ਦਾ ਸ਼ਰੇਆਮ ਕਤਲ ਕੀਤਾ ਸੀ, ਇਨ੍ਹਾਂ 'ਤੇ ਨਿਕੇਲ ਪਾਉਣਾ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਪਾਲ ਸਿੰਘ ਮੌਜੂਦ ਸਨ। ਸ਼ਾਹੀਨ ਬਾਗ਼ ਪੁੱਜਣ 'ਤੇ ਸ਼ਾਹੀ ਇਮਾਮ ਪੰਜਾਬ ਦੇ ਸਕੱਤਰ ਮੁਹਮੰਦ ਮੁਸਤਕੀਮ ਅਹਿਰਾਰ ਨੇ ਗਿਆਨੀ ਕੇਵਲ ਸਿੰਘ ਦਾ ਧਨਵਾਦ ਕੀਤਾ।