CAA ਪ੍ਰਦਰਸ਼ਨ : ਸ਼ਾਹੀਨ ਬਾਗ ਤੋਂ ਬਾਅਦ ਜਾਫਰਾਬਾਦ 'ਚ ਵੀ ਖੁਲ੍ਹਿਆ ਮੋਰਚਾ, ਵਧਿਆ ਤਣਾਅ!

ਏਜੰਸੀ

ਖ਼ਬਰਾਂ, ਰਾਸ਼ਟਰੀ

ਧਰਨੇ ਦੀ ਵਜ੍ਹਾ ਨਾਲ ਮੈਟਰੋ ਸਟੇਸ਼ਨ ਨੂੰ ਕਰਨਾ ਪਿਐ ਬੰਦ

file photo

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ ਵਿਚ ਚੱਲ ਰਹੇ ਰੋਸ ਧਰਨਿਆਂ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ। ਅਜੇ ਸ਼ਾਹੀਨ ਬਾਗ਼ ਵਾਲੇ ਧਰਨੇ ਦਾ ਮਸਲਾ ਸੁਲਝਿਆ ਵੀ ਨਹੀਂ ਸੀ ਕਿ ਹੁਣ ਇਕ ਨਵਾਂ ਮੋਰਚਾ ਖੁਲ੍ਹਦਾ ਵਿਖਾਈ ਦੇ ਰਿਹਾ ਹੈ। ਜਾਫਰਾਬਾਦ ਵਿਖੇ ਵੀ ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਹੈ।

ਇਸੇ ਦੌਰਾਨ ਜਾਫਰਾਬਾਦ ਮੈਟਰੋ ਸਟੇਸ਼ਨ ਕੋਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਨੇ ਜਗ੍ਹਾ ਖ਼ਾਲੀ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਸੜਕ ਖ਼ਾਲੀ ਕਰਨ ਤੋਂ ਇਨਕਾਰ ਕਰ ਦਿਤਾ ਹੈ। ਇਸ ਵਜ੍ਹਾ ਨਾਲ ਪ੍ਰਸਾਸਨ ਨੂੰ ਜਾਫਰਾਬਾਦ ਮੈਟਰੋ ਸਟੇਸ਼ਨ ਵੀ ਬੰਦ ਕਰਨਾ ਪਿਆ ਹੈ। ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਗੇਟ ਬੰਦ ਕਰ ਦਿਤੇ ਗਏ ਹਨ। ਹੁਣ ਮੈਟਰੋ ਟਰੇਨ ਇੱਥੇ ਬਿਨਾਂ ਰੁਕੇ ਹੀ ਲੰਘ ਰਹੀ ਹੈ।

ਜਾਣਕਾਰੀ ਅਨੁਸਾਰ ਇਸ ਇਲਾਕੇ ਅੰਦਰ ਐਤਵਾਰ ਨੂੰ ਹਾਲਾਤ ਉਸ ਵਕਤ ਅਚਾਨਕ ਤਣਾਅਪੂਰਨ ਹੋ ਗਏ  ਜਦੋਂ ਸੀਏਏ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਸਾਹਮਣੇ ਸੀਏਏ ਦੇ ਸਮਰਥਨ 'ਚ ਨਾਅਰੇ ਲਗਾਉਂਦੇ ਕੁੱਝ ਪ੍ਰਦਰਸ਼ਨਕਾਰੀ ਆ ਗਏ। ਇਸ ਦੌਰਾਨ ਦੋਵੇਂ ਪਾਸਿਓਂ ਜ਼ੋਰਦਾਰ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ। ਦੋਵੇਂ ਧਿਰਾਂ  ਅਪਣੋ ਅਪਣੀ ਧਿਰ ਦੇ ਹੱਕ 'ਚ ਖ਼ੂਬ ਨਾਅਰੇ ਲੱਗਾ ਰਹੀਆਂ ਸਨ। ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੀ ਤੁਰਤ ਹਰਕਤ ਵਿਚ ਆ ਗਿਆ ਹੈ।

ਦਿੱਲੀ ਤੋਂ ਆ ਰਹੀਆਂ ਤਾਜ਼ਾ ਖ਼ਬਰਾਂ ਮੁਤਾਬਕ ਜਾਫਰਾਬਾਦ ਦੇ ਕਬੀਰਨਗਰ 'ਚ ਪ੍ਰਦਰਸ਼ਨਕਾਰੀ ਪੱਥਰਬਾਜ਼ੀ ਕਰ ਰਹੇ ਹਨ ਜਦਕਿ ਪੁਲਿਸ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਧਰਨੇ ਪ੍ਰਦਰਸ਼ਨ ਕਾਰਨ ਇਕ ਪਾਸੇ ਦੀ ਸੜਕ 'ਤੇ ਆਵਾਜਾਈ ਬੰਦ ਕਰ ਦਿਤੀ ਗਈ ਹੈ। ਜਾਫਰਾਬਾਦ ਤੋਂ ਬਾਅਦ ਹੁਣ ਮੁਸਤਾਫਾਬਾਦ 'ਚ ਪ੍ਰਦਰਸ਼ਨਕਾਰੀਆਂ ਨੇ ਵਜ਼ੀਰਾਬਾਦ ਰੋਡ ਜਾਮ ਲਗਾ ਦਿਤਾ ਹੈ। ਹਾਲਾਤ ਨੂੰ ਵੇਖਦਿਆਂ ਜਾਫਰਾਬਾਦ 'ਚ ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮਾਂ ਨੂੰ ਤੈਨਾਤ ਕਰ ਦਿਤਾ ਗਿਆ ਹੈ।

ਇਸ ਧਰਨੇ ਨੂੰ ਕੋਈ ਇਕ ਔਰਤ ਜਾਂ ਕੋਈ ਇਕ ਸੰਗਠਨ ਲੀਡ ਨਹੀਂ ਕਰ ਰਿਹਾ। ਕੁਝ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਟੀਚਾ ਸੜਕ ਨੂੰ ਬੰਦ ਕਰ ਕੇ ਸ਼ਾਹੀਨ ਬਾਗ ਵਾਂਗ ਧਰਨਾ ਦੇਣਾ ਹੈ। ਪੁਲਿਸ ਇੱਥੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ ਪਰ ਸਫ਼ਲ ਨਹੀਂ ਹੋ ਸਕੀ। ਜਾਫਰਾਬਾਦ, ਵੈਲਕਮ, ਜਨਤਾ ਕਾਲੋਨੀ ਤੇ ਕਰਦਮਪੁਰੀ ਦੇ ਲੋਕ ਮੈਟਰੋ ਸਟੇਸ਼ਨ ਹੇਠਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਲਈ ਨਾਸ਼ਤਾ ਦੇ ਕੇ ਪਹੁੰਚ ਰਹੇ ਹਨ। ਜਾਫਰਾਬਾਦ ਮੈਟਰੋ ਸਟੇਸ਼ਨ 'ਤੇ ਵੱਡੀ ਗਿਣਤੀ 'ਚ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਵਿਚ ਔਰਤਾਂ ਵੀ ਸ਼ਾਮਲ ਹਨ।