ਵਿਦੇਸ਼ ਮੰਤਰਾਲੇ ਨੇ Auto Reply 'ਤੇ ਪਾਈ MPs ਦੀ ਈਮੇਲ ਆਈਡੀ, MP ਗੁਰਜੀਤ ਔਜਲਾ ਨੇ ਟਵੀਟ ਜ਼ਰੀਏ ਜ਼ਾਹਰ ਕੀਤੀ ਨਾਰਾਜ਼ਗੀ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ- ਜੇਕਰ ਪੀਐੱਮਓ ਅਤੇ ਵਿਦੇਸ਼ ਮੰਤਰਾਲਾ ਸੰਸਦ ਮੈਂਬਰਾਂ ਦੇ ਸੰਪਰਕ 'ਚ ਨਹੀਂ ਹਨ ਤਾਂ ਫਿਰ ਉਹ ਯੂਕਰੇਨ ਵਿਚ ਫਸੇ ਬੱਚਿਆਂ ਦੇ ਸੰਪਰਕ ਵਿਚ ਕਿਵੇਂ ਹੋ ਸਕਦੇ ਨੇ

MP Gurjeet Singh Aujla




ਅੰਮ੍ਰਿਤਸਰ: ਜੰਗ ਦੇ ਚਲਦਿਆਂ ਯੂਕਰੇਨ ਦੇ ਵਿਗੜਦੇ ਹਾਲਾਤ ਵਿਚਕਾਰ ਭਾਰਤ ਵਿਚ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਵੱਖ-ਵੱਖ ਤਰੀਕਿਆਂ ਨਾਲ ਉੱਥੇ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਆਪਣੇ-ਆਪਣੇ ਖੇਤਰ ਦੇ ਅਜਿਹੇ ਬੱਚਿਆਂ ਦੀ ਸੂਚੀ ਬਣਾ ਕੇ ਵਿਦੇਸ਼ ਮੰਤਰਾਲੇ ਨੂੰ ਭੇਜ ਰਹੇ ਹਨ ਜੋ ਯੂਕਰੇਨ ਵਿਚ ਫਸੇ ਹੋਏ ਹਨ। ਇਸ ਦੌਰਾਨ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਸੰਸਦ ਮੈਂਬਰਾਂ ਦੀ ਅਧਿਕਾਰਤ ਈਮੇਲ ਆਈਡੀ ਨੂੰ ਆਟੋ ਰਿਪਲਾਈ 'ਤੇ ਪਾ ਦਿੱਤਾ ਹੈ।

Gurjeet Aujla

ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਇਸ ਰਵੱਈਏ ਤੋਂ ਸੰਸਦ ਮੈਂਬਰ ਕਾਫੀ ਨਾਰਾਜ਼ ਹਨ। ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਦੇਸ਼ ਮੰਤਰਾਲੇ ਦੇ ਇਸ ਫੈਸਲੇ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਹੈ। ਉਹਨਾਂ ਲਿਖਿਆ, “ਜੇਕਰ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਅਤੇ ਵਿਦੇਸ਼ ਮੰਤਰਾਲਾ ਜਨਤਾ ਵਲੋਂ ਚੁਣੇ ਗਏ ਸੰਸਦ ਮੈਂਬਰਾਂ ਦੇ ਸੰਪਰਕ 'ਚ ਨਹੀਂ ਹਨ ਤਾਂ ਫਿਰ ਉਹ ਯੂਕਰੇਨ ਵਿਚ ਫਸੇ ਬੱਚਿਆਂ ਦੇ ਸੰਪਰਕ ਵਿਚ ਕਿਵੇਂ ਹੋ ਸਕਦੇ ਨੇ?”

Tweet

ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਗੁਰਜੀਤ ਔਜਲਾ ਨੇ ਦੱਸਿਆ ਕਿ ਯੂਕਰੇਨ ਵਿਚ ਫਸੇ ਬੱਚਿਆਂ ਦੇ ਪਰਿਵਾਰ ਉਹਨਾਂ ਕੋਲ ਆ ਰਹੇ ਹਨ। ਉਹਨਾਂ ਨੇ ਆਪਣੇ ਅਧਿਕਾਰਤ ਮੇਲ ਆਈਡੀ ਤੋਂ ਇਹਨਾਂ ਪਰਿਵਾਰਾਂ ਦੀ ਗੱਲਬਾਤ ਅਤੇ ਬੱਚਿਆਂ ਦੀ ਸੂਚੀ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਅਤੇ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਹੈ। ਦੋ ਦਿਨ ਪਹਿਲਾਂ ਤੱਕ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸੰਸਦ ਮੈਂਬਰਾਂ ਦੀਆਂ ਈਮੇਲਾਂ ਦਾ ਜਵਾਬ ਦੇ ਰਹੇ ਸਨ ਪਰ ਦੋ ਦਿਨ ਪਹਿਲਾਂ ਅਚਾਨਕ ਸਾਰੇ ਸੰਸਦ ਮੈਂਬਰਾਂ ਦੀਆਂ ਅਧਿਕਾਰਤ ਮੇਲ ਆਈਡੀਜ਼ ਆਟੋ ਰਿਪਲਾਈ 'ਤੇ ਪਾ ਦਿੱਤੀਆਂ ਗਈਆਂ। ਇਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੰਸਦ ਮੈਂਬਰਾਂ ਵੱਲੋਂ ਭੇਜੀਆਂ ਜਾ ਰਹੀਆਂ ਈਮੇਲਾਂ 'ਤੇ ਵਿਦੇਸ਼ ਮੰਤਰਾਲਾ ਕੋਈ ਕਾਰਵਾਈ ਕਰ ਰਿਹਾ ਹੈ ਜਾਂ ਨਹੀਂ। ਪੀਐਮਓ ਦਾ ਵੀ ਇਹੀ ਹਾਲ ਹੈ। ਦੋਵਾਂ ਥਾਵਾਂ ਤੋਂ ਕੋਈ ਜਵਾਬ ਨਾ ਮਿਲਣ ਕਾਰਨ ਬੱਚਿਆਂ ਦੇ ਮਾਪੇ ਵੀ ਚਿੰਤਤ ਹਨ।

Ministry-of-External-Affairs

ਸੰਸਦ ਮੈਂਬਰ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰਾਲੇ ਨੇ ਯੂਕਰੇਨ ਵਿਚ ਫਸੇ ਬੱਚਿਆਂ ਨੂੰ ਲਿਆਉਣ ਲਈ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਹੈ। ਮੰਤਰਾਲੇ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜੰਗ ਦੀ ਸਥਿਤੀ ਹੈ। ਜੋ ਵੀ ਫਾਰਮ ਭਰਨਾ ਹੈ, ਉਹ ਬਾਰਡਰ 'ਤੇ ਭਰਿਆ ਜਾ ਸਕਦਾ ਹੈ। ਬੱਚੇ ਇਸ ਸਮੇਂ ਬੁਰੀ ਹਾਲਤ ਵਿਚ ਹਨ, ਹੋ ਸਕਦਾ ਹੈ ਕਿ ਉਹਨਾਂ ਕੋਲ ਇੰਟਰਨੈੱਟ ਨਾ ਹੋਵੇ। ਜੇਕਰ ਪਾਸਪੋਰਟ ਅਤੇ ਵੈਧ ਵੀਜ਼ਾ ਹਨ ਤਾਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਏ.ਸੀ ਦਫਤਰ 'ਚ ਬੈਠ ਕੇ ਨਹੀਂ, ਜ਼ਮੀਨ 'ਤੇ ਜਾ ਕੇ ਦੇਖਣਾ ਚਾਹੀਦਾ ਹੈ ਕਿ ਕੀ ਹਾਲਤ ਹਨ? ਬੱਚਿਆਂ ਕੋਲ ਖਾਣ ਲਈ ਕੁਝ ਨਹੀਂ ਹੈ ਅਤੇ ਨਾ ਹੀ ਪੈਸੇ ਹਨ। ਉੱਥੇ ਬੱਚੇ ਘਬਰਾਏ ਹੋਏ ਹਨ ਅਤੇ ਇੱਥੇ ਮਾਪਿਆਂ ਦਾ ਵੀ ਇਹੀ ਹਾਲ ਹੈ।

Gurjeet Singh Aujla

ਗੁਰਜੀਤ ਔਜਲਾ ਨੇ ਕਿਹਾ ਕਿ ਪੀਐਮਓ ਨੇ ਵਟਸਐਪ ਨੰਬਰ ਜਾਰੀ ਕੀਤੇ ਹਨ ਪਰ ਉਹ ਕਿਸੇ ਸਾਈਟ ’ਤੇ ਸ਼ੇਅਰ ਨਹੀਂ ਕੀਤੇ ਗਏ। ਇਸ ਕਾਰਨ ਬੱਚਿਆਂ ਨੂੰ ਪਰੇਸ਼ਾਨੀ ਆ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਉਹ 100 ਬੱਚਿਆਂ ਦੀਆਂ ਤਿੰਨ ਸੂਚੀਆਂ ਭੇਜ ਚੁੱਕੇ ਹਨ। ਇਸ ਵਿਚ ਬੱਚਿਆਂ ਦਾ ਸੰਪਰਕ ਨੰਬਰ, ਲੋਕੇਸ਼ਨ ਸਭ ਕੁੱਝ ਸ਼ੇਅਰ ਕੀਤਾ ਗਿਆ ਹੈ। ਗੁਰਜੀਤ ਔਜਲਾ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਯੂਕਰੇਨ ਵਿਚ ਮੌਜੂਦ ਆਪਣੇ ਦੋਸਤਾਂ ਨਾਲ ਵੀ ਸੰਪਰਕ ਵਿਚ ਹਨ ਤਾਂ ਜੋ ਗੁਰਦੁਆਰਿਆਂ ਰਾਹੀਂ ਬੱਚਿਆਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਸਕੇ।