Court News: ਜ਼ਖ਼ਮੀ ਕਿਸਾਨਾਂ ਨੇ ਹਾਈ ਕੋਰਟ ਤੋਂ ਹਰਿਆਣਾ ਪੁਲਿਸ ’ਤੇ ਐਫ਼ਆਈਆਰ ਦਰਜ ਕਰਨ ਦੀ ਕੀਤੀ ਮੰਗ
ਬੈਂਚ ਨੇ ਪੁਛਿਆ, ਅਪਰਾਧਕ ਕੇਸ ’ਚ ਕਿਵੇਂ ਕੀਤੀ ਜਾ ਸਕਦੀ ਹੈ ਇਹ ਮੰਗ
Court News: ਕਿਸਾਨ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਗੋਲੀ ਲੱਗਣ ’ਤੇ ਖੋਲ ਡਿੱਗਣ ਕਾਰਨ ਜ਼ਖ਼ਮੀ ਹੋਏ ਤਿੰਨ ਕਿਸਾਨਾਂ ਨੇ ਅਰਪਰਾਧਕ ਪਟੀਸ਼ਨ ਦਾਖ਼ਲ ਕਰ ਕੇ ਹਰਿਆਣਾ ਪੁਲਿਸ ’ਤੇ ਗੋਲੀ ਚਲਾਉਣ ਦਾ ਦੋਸ਼ੀ ਲਗਾਉਂਦਿਆਂ ਜ਼ਿੰਮੇਵਾਰ ਪੁਲਿਸ ਵਾਲਿਆਂ ’ਤੇ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਇਹ ਮੰਗ ਵੀ ਕੀਤੀ ਗਈ ਹੈ ਕਿ ਗੋਲੀ ਚਲਾਉਣ ਤੇ ਗੋਲੇ ਸੁੱਟਣ ਦੀ ਜਾਂਚ ਲਈ ਹਾਈ ਕੋਰਟ ਵਲੋਂ ਕਮਿਸ਼ਨਰ ਜਾ ਜਾਂਚ ਅਫ਼ਸਰ ਨਿਯੁਕਤ ਕੀਤਾ ਜਾਵੇ ਤੇ ਦੋ ਹਫ਼ਤੇ ਵਿਚ ਜਾਂਚ ਮੁਕੰਮਲ ਕਰਨ ਦੀ ਹਦਾਇਤ ਕੀਤੀ ਜਾਵੇ, ਕਿਉਂਕਿ ਗੋਲੀ ਚਲਾਉਣ ਤੇ ਗੋਲੇ ਸੁੱਟਣ ਦੇ ਸਬੂਤ ਫੌਰੀ ਇਕੱਠੇ ਕੀਤੇ ਜਾਣੇ ਜ਼ਰੂਰੀ ਹਨ।
ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਮਾਮਲਾ ਦਰਜ ਕਰਵਾਉਣ ਲਈ ਉਪਰਾਲੇ ਨਹੀਂ ਕਰ ਰਹੀ, ਲਿਹਾਜ਼ਾ ਢੁੱਕਵੀਂ ਹਦਾਇਤ ਕੀਤੀ ਜਾਵੇ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਿਸਾਨ ਹੱਕੀ ਮੰਗਾਂ ਲਈ ਮੂਲ ਹੱਕ ਤਹਿਤ ਕੇਂਦਰ ਸਰਕਾਰ ਵਿਰੁਧ ਰੋਸ ਕਰ ਰਹੇ ਹਨ ਪਰ ਹਰਿਆਣਾ ਸਰਕਾਰ ਵਲੋਂ ਕਿਸਾਨਾਂ ’ਤੇ ਤਸ਼ਦਦ ਢਾਹੇ ਜਾ ਰਹੇ ਹਨ।
ਹਾਲਾਂਕਿ ਬੈਂਚ ਨੇ ਪਟੀਸ਼ਨਰਾਂ ਜਸਕਰਨ, ਅੰਮ੍ਰਿਤਪਾਲ ਤੇ ਪੁਸ਼ਪਿੰਦਰ ਦੇ ਵਕੀਲ ਗੁਰਮੋਹਨ ਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਆਮ ਲੋਕਾਂ ਦੇ ਵੀ ਮੂਲ ਹੱਕ ਹਨ ਤੇ ਮੁਜ਼ਾਹਰੇ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਤੇ ਕਿਸਾਨਾਂ ਨੂੰ ਮੂਲ ਹੱਕਾਂ ਦੇ ਨਾਲ ਅਪਣੀ ਮੂਲ ਡਿਊਟੀ ਵੀ ਸਮਝਣੀ ਚਾਹੀਦੀ ਹੈ ਤੇ ਤੈਅ ਥਾਂ ’ਤੇ ਮੁਜ਼ਾਹਰਾ ਕਰਨਾ ਚਾਹੀਦਾ ਹੈ। ਫਿਲਹਾਲ ਬੈਂਚ ਨੇ ਵਕੀਲ ਨੂੰ ਇਹ ਸਾਬਤ ਕਰਨ ਲਈ ਕਿਹਾ ਹੈ ਕਿ ਅਪਰਾਧਕ ਪਟੀਸ਼ਨ ਵਿਚ ਉਕਤ ਮੰਗ ਕਿਵੇਂ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਸੁਣਵਾਈ ਅੱਗੇ ਪਾ ਦਿਤੀ ਹੈ। ਜ਼ਿਕਰਯੋਗ ਹੈ ਕਿ ਜਸਕਰਨ ਤੇ ਪੁਸ਼ਪਿੰਦਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸਨ ਤੇ ਅੰਮ੍ਰਿਤਪਾਲ ਦੇ ਸਿਰ ’ਤੇ ਗੋਲਾ ਲੱਗਣ ਨਾਲ ਸੱਟ ਵੱਜੀ ਸੀ।
(For more Punjabi news apart from Injured farmers demanded from High Court to file an FIR against Haryana Police, stay tuned to Rozana Spokesman)