ਅੰਮ੍ਰਿਤਪਾਲ ਸਿੰਘ ਮਾਮਲੇ 'ਤੇ ਹਾਈਕੋਰਟ 'ਚ ਹੋਈ ਸੁਣਵਾਈ
ਪੰਜਾਬ ਸਰਕਾਰ ਵਲੋਂ AG ਨੇ ਦਿੱਤਾ ਜਵਾਬ : ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਬਹੁਤ ਨਜ਼ਦੀਕ ਹਾਂ
AG ਨੇ ਅੰਮ੍ਰਿਤਪਾਲ ਦੇ ਵਕੀਲ ਤੋਂ ਮੰਗਿਆ ਸਬੂਤ- ‘ਕੋਈ ਵੀ ਸਬੂਤ ਲਿਆਓ ਕਿ ਅੰਮ੍ਰਿਤਪਾਲ ਸਿੰਘ ਥਾਣੇ 'ਚ ਹੈ’
ਭਲਕੇ ਮੁੜ ਹੋਵੇਗੀ ਮਾਮਲੇ ਦੀ ਸੁਣਵਾਈ
ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ। ਜਿੱਥੇ ਪੰਜਾਬ ਸਰਕਾਰ ਵਲੋਂ ਐਡਵੋਕੇਟ ਜਨਰਲ ਵਲੋਂ ਹਾਈਕੋਰਟ ਵਿੱਚ ਜਵਾਬ ਦਿੱਤਾ ਗਿਆ ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਬਹੁਤ ਨਜ਼ਦੀਕ ਹਾਂ।
ਉਧਰ ਅੰਮ੍ਰਿਤਪਾਲ ਸਿੰਘ ਪੱਖ ਵਲੋਂ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਵਿੱਚ ਹੈ ਜਿਸ ਦੇ ਐਡਵੋਕੇਟ ਜਨਰਲ ਨੇ ਅੰਮ੍ਰਿਤਪਾਲ ਸਿੰਘ ਵਲੋਂ ਪੇਸ਼ ਹੋਏ ਵਕੀਲ ਨੂੰ ਸਬੂਤ ਦੇਣ ਲਈ ਕਿਹਾ ਹੈ। ਐਡਵੋਕੇਟ ਜਨਰਲ ਨੇ ਕਿਹਾ ਹੈ ਕਿ ਕੋਈ ਵੀ ਸਬੂਤ ਲਿਆਓ ਕਿ ਅਮ੍ਰਤਿਪਾਲ ਸਿੰਘ ਥਾਣੇ ਵਿੱਚ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ 18 ਮਾਰਚ ਨੂੰ ਪੰਜਾਬ ਵਿੱਚ ਅੰਮ੍ਰਿਤਪਾਲ ਅਤੇ ਉਸ ਦੀ ਸੰਸਥਾ ‘ਵਾਰਿਸ ਪੰਜਾਬ ਦੇ’ ਦੇ ਮੈਂਬਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਅੰਮ੍ਰਿਤਪਾਲ ਉਦੋਂ ਤੋਂ ਲਾਪਤਾ ਹੈ।
ਇਹ ਵੀ ਪੜ੍ਹੋ : ਇਕੁਆਡੋਰ : ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਤੇ 23 ਜ਼ਖ਼ਮੀ
ਜਸਟਿਸ ਐਨ. ਐੱਸ. ਸ਼ੇਖਾਵਤ ਦੀ ਅਦਾਲਤ 'ਚ ਐਡਵੋਕੇਟ ਇਮਾਨ ਸਿੰਘ ਖਾਰਾ ਦੁਆਰਾ ਦਾਇਰ ਇੱਕ ਹੈਬੀਅਸ ਕਾਰਪਸ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਇਸ ਪਟੀਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਕਥਿਤ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ।
ਖਾਰਾ ਨੇ ਹਾਲ ਹੀ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਪੁਲਿਸ ਦੀ "ਗੈਰ-ਕਾਨੂੰਨੀ ਹਿਰਾਸਤ" ਵਿੱਚ ਹੈ।
ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।ਅਦਾਲਤ ਦੀ ਇਮਾਰਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟੀਸ਼ਨਰ ਨੇ ਕਿਹਾ ਕਿ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਬਹੁਤ ਨਜ਼ਦੀਕ ਹਨ।
ਪਟੀਸ਼ਨਰ ਮੁਤਾਬਕ ਅਦਾਲਤ ਨੇ ਐਡਵੋਕੇਟ ਜਨਰਲ ਨੂੰ ਇਸ ਸਬੰਧੀ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ ਪਟੀਸ਼ਨਰ ਨੂੰ ਇਹ ਵੀ ਕਿਹਾ ਕਿ ਉਹ ਸਬੂਤ ਪੇਸ਼ ਕਰਨ ਲਈ ਹਲਫ਼ਨਾਮਾ ਦਾਇਰ ਕਰੇ ਕਿ ਅੰਮ੍ਰਿਤਪਾਲ ਸਿੰਘ ਕਥਿਤ ਪੁਲਿਸ ਹਿਰਾਸਤ ਵਿੱਚ ਹੈ। ਮਾਮਲੇ ਦੀ ਅਗਲੀ ਸੁਣਵਾਈ 29 ਮਾਰਚ ਯਾਨੀ ਭਲਕੇ ਹੋਵੇਗੀ।