ਪਟਿਆਲਾ ਜੇਲ੍ਹ ’ਚੋਂ ਤਿੰਨ ਕੈਦੀ ਫਰਾਰ, ਪੁਲਿਸ ਨੂੰ ਪਈਆਂ ਭਾਜੜਾਂ
ਫਰਾਰ ਕੈਦੀਆਂ ਵਿਚ ਯੂ.ਕੇ ਜੇਲ੍ਹ ਤੋਂ ਤਬਦੀਲ ਹੋਇਆ ਕੈਦੀ ਸ਼ੇਰ ਸਿੰਘ ਵੀ ਸ਼ਾਮਲ
ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਬੀਤੀ ਰਾਤ ਤਿੰਨ ਕੈਦੀ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੈਦੀ ਜੇਲ੍ਹ ’ਚੋਂ ਬਾਹਰ ਕਿੱਥੋਂ ਅਤੇ ਕਿਵੇਂ ਨਿਕਲੇ।
ਜ਼ਿਲ੍ਹਾ ਪੁਲੀਸ ਦੀ ਮਦਦ ਨਾਲ ਸਵੇਰ ਤੋਂ ਹੀ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਅੰਦਰ ਹੀ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਹਿਮ ਗੱਲ ਇਹ ਹੈ ਕਿ ਇਹਨਾਂ ਕੈਦੀਆਂ ਵਿਚ ਫਰਾਰ ਹੋਇਆ ਇਕ ਕੈਦੀ ਸ਼ੇਰ ਸਿੰਘ ਵਿਸ਼ੇਸ਼ ਸਮਝੌਤੇ ਤਹਿਤ ਯੂਕੇ ਤੋਂ ਤਬਦੀਲ ਹੋ ਕੇ ਆਇਆ ਹੈ, ਜਿਸ ਨੂੰ ਉੱਥੋਂ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਇਕ ਕੇਸ 'ਚ 22 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ।
ਬਾਕੀ ਦੋ ਕੈਦੀਆਂ ਦੀ ਪਛਾਣ ਇੰਦਰਜੀਤ ਸਿੰਘ ਧਿਆਨਾ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜੇਲ੍ਹ ਅਧਿਕਾਰੀਆਂ ਨੇ ਇਹਨਾਂ ਤਿੰਨਾਂ ਕੈਦੀਆਂ ਦੇ ਆਪਣੀ ਬੈਰਕ ਵਿਚ ਨਾ ਹੋਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 27 ਅਪ੍ਰੈਲ ਦੀ ਸ਼ਾਮ ਨੂੰ ਇਹਨਾਂ ਤਿੰਨਾਂ ਨੂੰ ਵੀ ਹੋਰ ਕੈਦੀਆਂ ਦੇ ਨਾਲ ਹੀ ਬੈਰਕ ਵਿਚ ਬੰਦ ਕੀਤਾ ਸੀ ਪਰ ਅੱਜ ਸਵੇਰੇ ਉਹ ਆਪਣੀ ਬੈਰਕ 'ਚ ਨਹੀਂ ਮਿਲੇ।