ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ
ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਅਗਲੇਰੀ ਕਾਰਵਾਈ
ਨਵਾਂਸ਼ਹਿਰ : ਸਥਾਨਕ ਪਿੰਡ ਮਾਹਿਲ ਗਹਿਲਾ ਤੋਂ ਅਤਿ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਪ੍ਰੀਤ ਮਨੋਤਾ ਵਜੋਂ ਹੋਈ ਹੈ ਇਸ ਦੀ ਉਮਰ ਕਰੀਬ 27 ਸਾਲ ਦੱਸੀ ਜਾ ਰਹੀ ਹੈ।
ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਥਾਣਾ ਔੜ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।ਪੁਲਿਸ ਨੇ 174 ਤਹਿਤ ਕਾਰਵਾਈ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਭਰਾ ਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਇਹ ਕਹਿ ਕੇ ਘਰੋਂ ਆਇਆ ਸੀ ਕਿ ਉਹ ਕੁੱਲੂ ਮਨਾਲੀ ਆਪਣੇ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ।ਰਾਤ ਨੂੰ ਥਾਣਾ ਔੜ ਦੀ ਪੁਲਿਸ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਇਸ ਸਮੇਂ ਜਸਪ੍ਰੀਤ ਕੋਈ ਵੀ ਕੰਮਕਾਰ ਨਹੀਂ ਕਰਦਾ ਸੀ।
ਇਹ ਵੀ ਪੜ੍ਹੋ : ਗੈਂਗਸਟਰ ਅਰਸ਼ਦੀਪ ਡੱਲਾ ਤੇ ਹਰਦੀਪ ਨਿੱਝਰ ਖ਼ਿਲਾਫ਼ Proclamation ਨੋਟਿਸ ਜਾਰੀ
ਇਸ ਤੋਂ ਪਹਿਲਾਂ ਜਸਪ੍ਰੀਤ ਦੁਬਈ ਵੀ ਗਿਆ ਸੀ। ਉਹ 8-9 ਮਹੀਨੇ ਪਹਿਲਾਂ ਨਸ਼ਾ ਕਰਦਾ ਸੀ ਪਰ ਹੁਣ ਨਸ਼ਾ ਨਹੀਂ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਘਰੋਂ ਐਕਟਿਵਾ ਸਕੂਟਰ ਲੈ ਕੇ ਆਇਆ ਸੀ ਪਰ ਜਦੋਂ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਦੇਖਿਆ ਤਾਂ ਦੋਵੇਂ ਡਿੱਗੇ ਪਏ ਮਿਲੇ।
ਇਸ ਮੌਕੇ ਤਫ਼ਤੀਸ਼ੀ ਅਫ਼ਸਰ ਬਲਬੀਰ ਰਾਮ ਨੇ ਦੱਸਿਆ ਕਿ ਥਾਣਾ ਸਦਰ ਨੂੰ ਸੂਚਨਾ ਮਿਲੀ ਸੀ ਕਿ ਐਕਟਿਵਾ 'ਤੇ ਸਵਾਰ ਇੱਕ ਨੌਜਵਾਨ ਔੜ ਤੋਂ ਮੱਲਾ ਬੇਦੀਆ ਨੂੰ ਜਾਂਦੀ ਸੜਕ 'ਤੇ ਡਿੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਪਿੰਡ ਮਾਹਿਲ ਗਹਿਲਾ ਦਾ ਵਸਨੀਕ ਹੈ। ਮ੍ਰਿਤਕ ਦੇ ਵਾਰਸਾਂ ਅਨੁਸਾਰ ਪਹਿਲਾਂ ਉਹ ਨਸ਼ੇ ਦਾ ਕੰਮ ਕਰਦਾ ਸੀ ਪਰ ਹੁਣ ਨਹੀਂ ਕਰਦਾ।