ਅਕਾਲੀ ਦਲ ’ਚੋਂ ਪੱਕੀ ਛੁੱਟੀ ਹੋਣ ਮਗਰੋਂ ਜੀਕੇ ਨੇ ਕੀਤੇ ਕਈ ਵੱਡੇ ਖ਼ੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੀਕੇ ਨੇ ਗੁਰਦੁਆਰਾ ਕਮੇਟੀ ਦੇ ਫੰਡਾਂ ਤੇ ਸੌਦਾ ਸਾਧ ਦੀ ਮਾਫ਼ੀ ਨੂੰ ਲੈ ਕੇ ਖੋਲ੍ਹੀ ਅਕਾਲੀ ਦਲ ਦੀ ਪੋਲ

Manjeet Singh GK

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਦਰਅਸਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਵਿਚੋਂ ਛੁੱਟੀ ਕਰਨ ਮਗਰੋਂ ਜੀਕੇ ਨੇ ਕਈ ਵੱਡੇ ਖ਼ੁਲਾਸੇ ਕੀਤੇ ਹਨ। ਮਨਜੀਤ ਜੀਕੇ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ ਵਿਚ ਗੁਰਦੁਆਰਾ ਕਮੇਟੀ ਦੇ ਫੰਡ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਸੌਦਾ ਸਾਧ ਗੁਰਮੀਤ ਰਾਮ ਨੂੰ ਮਾਫ਼ੀ ਦਿਵਾਉਣ ਵਿਚ ਵੀ ਕਈ ਵੱਡੇ ਅਕਾਲੀ ਆਗੂਆਂ ਦਾ ਹੱਥ ਸੀ।

ਜੀਕੇ ਨੇ ਕਿਹਾ ਕਿ ਉਹ ਪਾਰਟੀ ਦੀ ਬਲੈਕਮੇਲਿੰਗ ਦਾ ਜਵਾਬ ਦੇਣ ਦੀ ਥਾਂ ਸੰਗਤ ਦੀ ਕਚਹਿਰੀ ’ਚ ਜਵਾਬ ਦੇਣਾ ਜ਼ਿਆਦਾ ਬਿਹਤਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਸਤੀਫ਼ਾ ਲਿਆ ਨਹੀਂ ਗਿਆ ਸੀ, ਸਗੋਂ ਦੋਸ਼ ਲੱਗਣ ਮਗਰੋਂ ਉਨ੍ਹਾਂ ਖ਼ੁਦ ਅਸਤੀਫ਼ਾ ਸੌਂਪਿਆ ਸੀ। ਮਨਜੀਤ ਜੀਕੇ ਨੇ ਮਨਜਿੰਦਰ ਸਿੰਘ ਸਿਰਸਾ ’ਤੇ ਪਲਟਵਾਰ ਕਰਦਿਆਂ ਦਾਅਵਾ ਕੀਤਾ ਕਿ ਕਮੇਟੀ ਦੇ ਫੰਡ ਚੋਣ ਪ੍ਰਚਾਰ ਲਈ ਵਰਤੇ ਗਏ ਸਨ। ਇਸ ਦਾ ਜ਼ਿਕਰ ਉਨ੍ਹਾਂ ਕੋਰ ਕਮੇਟੀ ਮੈਬਰਾਂ ਸਾਹਮਣੇ ਵੀ ਕੀਤਾ ਸੀ।

ਜੀਕੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰਚਾਰ ਮੌਕੇ ਵੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ, ਅਕਾਲੀ ਉਮੀਦਵਾਰਾਂ ਦਾ ਸਿਰਸਾ ਡੇਰੇ ’ਚ ਵੋਟ ਮੰਗਣ ਜਾਣਾ, ਬਰਗਾੜੀ ’ਚ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਲਈ ਪਾਰਟੀ ਨੀਤੀਆਂ ’ਤੇ ਉਜਰ ਜਤਾਇਆ ਹੈ। ਹੁਣ ਲੋਕ ਸਭਾ ਚੋਣਾਂ ਵਿੱਚ ਨਮੋਸ਼ੀਜਨਕ ਨਤੀਜਿਆਂ ਮਗਰੋਂ ਅਨੁਸ਼ਾਸਨ ਦਾ ਡੰਡਾ ਉਨ੍ਹਾਂ ਉੱਤੇ ਚਲਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਮਨਜੀਤ ਸਿੰਘ ਜੀਕੇ ਨੂੰ ਪਾਰਟੀ ਹਾਈਕਮਾਨ ਨੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਹਵਾਲਾ ਦੇ ਕੇ ਅਕਾਲੀ ਦਲ ਵਿਚੋਂ ਬਾਹਰ ਦਾ ਰਾਹ ਵਿਖਾ ਦਿਤਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜੀਕੇ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਬਾਰੇ ਪੱਤਰ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਲੰਘੇ ਦਿਨ ਜਾਰੀ ਕਰ ਦਿਤਾ ਸੀ।

ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ 35 ਮੈਂਬਰਾਂ ਨੇ ਲਿਖ ਕੇ ਦਿਤਾ ਸੀ ਕਿ ਕਮੇਟੀ ਦੀ ਗੋਲਕ ਦੀ ਬਰਬਾਦੀ ਦੇ ਲੱਗ ਰਹੇ ਦੋਸ਼ਾਂ ਕਾਰਨ ਮੈਂਬਰਾਂ ਨੂੰ ਦਿੱਲੀ ਦੀ ਸੰਗਤ ਅੱਗੇ ਜਵਾਬ ਦੇਣਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਸਾਬਕਾ ਪ੍ਰਧਾਨ ਮਨਜੀਤ ਜੀਕੇ ਨੂੰ ਦਲ ਵਿਚੋਂ ਬਾਹਰ ਕੀਤਾ ਜਾਵੇ।