ਪਿੰਡ ਜਵਾਹਰਕੇ ਪਹੁੰਚੇ ਮੂਸੇਵਾਲਾ ਦੀ ਮਾਤਾ, ਗੋਲੀਆਂ ਦੇ ਨਿਸ਼ਾਨ ਦੇਖ ਕੇ ਰੋਏ ਫੁੱਟ-ਫੁੱਟ
ਸਿੱਧੂ ਦੀ ਬਰਸੀ ਮੌਕੇ ਥਾਂ-ਥਾਂ ਲਗਾਈਆਂ ਜਾਣਗੀਆਂ ਛਬੀਲਾਂ
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸੋਮਵਾਰ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਪਹਿਲੀ ਬਰਸੀ ਤੋਂ ਪਹਿਲਾਂ ਐਤਵਾਰ ਨੂੰ ਮੂਸੇਵਾਲਾ ਦੀ ਮਾਤਾ ਚਰਨ ਕੌਰ ਪਿੰਡ ਜਵਾਹਰਕੇ ਪਹੁੰਚੀ, ਜਿਥੇ ਸਿੱਧੂ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਕੰਧ 'ਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਮਾਤਾ ਫੁੱਟ-ਫੁੱਟ ਕੇ ਰੋ ਪਏ। ਇਸ ਦੇ ਨਾਲ ਹੀ ਉਨ੍ਹਾਂ ਨੇ ਉਥੇ ਕਰਵਾਏ ਜਾ ਰਹੇ ਸੁਖਮਨੀ ਸਾਹਿਬ ਦੇ ਪਾਠ ਵਿਚ ਵੀ ਮੱਥਾ ਟੇਕਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ 24 ਘੰਟਿਆਂ 'ਚ 2 ਲੁਟੇਰਿਆਂ ਨੂੰ ਕੀਤਾ ਕਾਬੂ, ਖੋਹਿਆ ਮੋਬਾਈਲ ਕੀਤਾ ਬਰਾਮਦ
ਪੰਚਾਇਤ ਵਲੋਂ ਇਥੇ ਮੂਸੇਵਾਲਾ ਦਾ ਬੁੱਤ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਪੂਰੇ ਪਿੰਡ ਨੂੰ ਸਿੱਧੂ ਦੀ ਫੋਟੋ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਪਿੰਡ ਅਤਲਾ ਕਲਾਂ, ਮਾਨਸਾ ਅਤੇ ਹੋਰ ਥਾਵਾਂ ’ਤੇ ਛਬੀਲਾਂ ਵੀ ਲਗਾਈਆਂ ਗਈਆਂ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਅਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਨੇ ਦਸਿਆ ਕਿ ਸਾਰਾ ਪਿੰਡ ਮੂਸੇਵਾਲਾ ਦੀ ਬਰਸੀ ਦੀਆਂ ਤਿਆਰੀਆਂ 'ਚ ਲੱਗਾ ਹੈ। ਸਾਰਾ ਪਿੰਡ ਮੂਸੇਵਾਲਾ ਪਰਿਵਾਰ ਦੇ ਨਾਲ ਖੜ੍ਹਾ ਹੈ।
ਇਹ ਵੀ ਪੜ੍ਹੋ: ਚਾਹ, ਕੌਫੀ, ਸੈਂਡਵਿਚ ਜੋ ਮਰਜ਼ੀ ਆਰਡਰ ਕਰੋ, ਮਿੰਟਾਂ ‘ਚ ਹਾਜ਼ਰ ਕਰਨਗੇ ਇਹ ਮੰਦਬੁਧੀ ਬੱਚੇ
ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦਸਿਆ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਪਿੰਡ ਮੂਸੇਵਾਲਾ ਦੇ ਗੁਰਦੁਆਰਾ ਸਾਹਿਬ ਵਿਚ ਛਬੀਲਾਂ ਲਗਾਈਆਂ ਜਾਣਗੀਆਂ। ਉਥੇ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਣਗੀਆਂ ਅਤੇ ਸ਼ਾਮ ਨੂੰ ਮਾਨਸਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਬੱਸ ਸਟੈਂਡ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ।