ਲੁਧਿਆਣਾ 'ਚ ਕੈਦੀਆ ਦੇ ਭਿੜਨ ਤੋਂ ਬਾਅਦ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਵੀ ਵਧਾਈ ਸੁਰੱਖਿਆ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਲੁਧਿਆਣਾ ਜੇਲ੍ਹ 'ਚ ਵਾਪਰੀ ਘਟਨਾ ਕਾਰਨ ਜੇਲ੍ਹ ਪ੍ਰਸ਼ਾਸਨ ਇਕ ਵਾਰ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।

Gurdaspur Central Jail

ਗੁਰਦਾਸਪੁਰ : ਬੀਤੇ ਦਿਨੀਂ ਲੁਧਿਆਣਾ ਜੇਲ੍ਹ 'ਚ ਵਾਪਰੀ ਘਟਨਾ ਕਾਰਨ ਜੇਲ੍ਹ ਪ੍ਰਸ਼ਾਸਨ ਇਕ ਵਾਰ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਕਿਉਂਕਿ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਵੱਡੀ ਗਿਣਤੀ ਵਿਚ ਕੈਦੀ ਆਪਸ ਵਿਚ ਭਿੜ ਗਏ ਸਨ ਤੇ ਹੁਣ ਗੁਰਦਾਸਪੁਰ ਦੇ ਅੰਦਰ ਅਤੇ ਬਾਹਰ ਵੀ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਹੈ। ਜਿਸ ਤਹਿਤ ਜੇਲ੍ਹ ਦੀਆਂ ਬੈਰਕਾਂ ਅਤੇ ਕੋਠੜੀਆਂ ਵਿਚ ਜੇਲ੍ਹ ਗਾਰਡ ਨੇ ਕੈਦੀਆਂ ਅਤੇ ਹਵਾਲਾਤੀਆਂ ਦੀ ਸਾਰੀ ਸਥਿਤੀ 'ਤੇ ਤਿੱਖੀ ਨਜ਼ਰ ਬਣਾਈ ਹੋਈ ਹੈ।

ਇਸੇ ਤਹਿਤ ਪੰਜਾਬ ਪੁਲਿਸ ਨੇ ਵੀ ਮੁਸਤੈਦੀ ਵਧਾਉਂਦੀ ਜੇਲ੍ਹ ਦੀ ਚਾਰਦੀਵਾਰੀ ਦੇ ਬਾਹਰ ਕੁਇੱਕ ਐਕਸ਼ਨ ਟੀਮ ਦੇ ਕਮਾਂਡੋ ਤਾਇਨਾਤ ਕਰ ਦਿੱਤੇ ਹਨ ਅਤੇ ਨਾਲ ਹੀ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਜੇਲ੍ਹ ਦੇ ਆਲੇ-ਦੁਆਲੇ ਤਾਇਨਾਤ ਕਰ ਦਿੱਤਾ ਗਿਆ ਹੈ। ਲੁਧਿਆਣਾ 'ਚ ਵਾਪਰੀ ਘਟਨਾ ਦੇ ਬਾਅਦ ਐੱਸ. ਪੀ. ਡੀ. ਹਰਵਿੰਦਰ ਸਿੰਘ ਸੰਧੂ ਨੇ ਤੁਰੰਤ ਜੇਲ ਦੇ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਨਾਲ ਮੀਟਿੰਗ ਕੀਤੀ ਅਤੇ ਗੁਰਦਾਸਪੁਰ ਜੇਲ੍ਹ ਦੇ ਹਾਲਤ ਦਾ ਜਾਇਜ਼ਾ ਲਿਆ।

ਜਾਣਕਾਰੀ ਅਨੁਸਾਰ ਜੇਲ੍ਹ ਦੇ ਮੁੱਖ ਗੇਟ ਦੇ ਨੇੜੇ ਅਤੇ ਚਾਰ-ਚੁਫੇਰੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ, ਜਦੋਂ ਕਿ ਅੰਦਰਲੇ ਪਾਸੇ ਵੀ ਜੇਲ੍ਹ ਅਧਿਕਾਰੀਆਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ 'ਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਜੇਲ ਵਿਚ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਅੱਜ ਜਿਹੜੀ ਸੁਰੱਖਿਆ ਵਧਾਈ ਗਈ ਹੈ ਉਹ ਸਿਰਫ ਸਾਵਧਾਨੀ ਵਜੋਂ ਹੈ, ਤਾਂ ਜੋ ਲੁਧਿਆਣਾ ਦੀ ਘਟਨਾ ਦੇ ਬਾਅਦ ਇਥੇ ਦੇ ਕੈਦੀ ਕੋਈ ਹਿੱਲਜੁੱਲ ਨਾ ਕਰਨ।