ਸਿੱਖਿਆ ਸਕੱਤਰ ਨੇ ਪ੍ਰੀ ਪ੍ਰਾਇਮਰੀ ਸਿਖਲਾਈ ਵਰਕਸ਼ਾਪ ’ਚ ਸਿੱਖਿਆ ਅਫ਼ਸਰਾਂ ਨੂੰ ਕੀਤਾ ਉਤਸ਼ਾਹਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਪੀਈਓ ਅਪਣੇ ਜ਼ਿਲ੍ਹੇ ਦੇ ਅਫ਼ਸਰਾਂ ਨੂੰ ਕਰਨ ਸਹਿਯੋਗ

Pre-Primary Training Workshop

ਐਸ.ਏ.ਐਸ. ਨਗਰ: ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਪਣੇ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੇ ਨਾਲ ਸਹਿਯੋਗ ਕਰਕੇ ਪ੍ਰਾਇਮਰੀ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਸਿਖਲਾਈ ਵਰਕਸ਼ਾਪ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਕੋਲ ਬਹੁਤ ਵਧੀਆ ਮੌਕਾ ਹੈ ਕਿ ਅਪਣੇ ਜ਼ਿਲ੍ਹੇ ਦੇ ਅਫ਼ਸਰਾਂ ਨਾਲ ਬੈਠ ਕੇ ਸਕੂਲਾਂ ਵਿਚ ਕੀਤੇ ਜਾ ਰਹੇ ਚੰਗੇ ਕਾਰਜਾਂ ਨੂੰ ਸੂਚੀ ਬੱਧ ਕਰਕੇ ਬਾਕੀ ਸਕੂਲਾਂ ਲਈ ਮਿਸਾਲ ਤਿਆਰ ਕਰਨ ਤਾਂ ਜੋ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ’ਤੇ ਸਕੂਲ ਖੁੱਲ੍ਹਦੇ ਸਾਰ ਹੀ ਅਧਿਆਪਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਸਿੱਖਿਆ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਸਿੱਖਿਆ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਪ੍ਰੀ-ਪ੍ਰਾਇਮਰੀ ਖੇਡ ਮਹਿਲ ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਸੰਬੋਧਨ ਕੀਤਾ। ਉਨ੍ਹਾਂ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ ਖੇਡ ਮਹਿਲ ਵਿਚ ਸਹੀ ਢੰਗ ਤਰੀਕਿਆਂ ਨਾਲ ਕਰਵਾਈਆਂ ਜਾ ਰਹੀਆਂ ਹਨ ਇਹ ਸੁਨਿਸ਼ਚਿਤ ਕਰਨ ਲਈ ਸਿੱਖਿਆ ਵਿਭਾਗ ਵਲੋਂ ਓਰੀਐਂਟੇਸ਼ਨ ਵਰਕਸ਼ਾਪ ਕਰਵਾਈ ਜਾ ਰਹੀ ਹੈ।

ਸਮੂਹ ਅਧਿਕਾਰੀ ਪੂਰੇ ਮਨ ਨਾਲ ਸਿਖਲਾਈ ਵਰਕਸ਼ਾਪ ਵਿੱਚ ਭਾਗ ਲੈਣ ਤਾਂ ਜੋ ਅਧਿਆਪਕਾਂ ਕੋਲ ਸਕੂਲਾਂ ਵਿਚ ਜਾਣ ਸਮੇਂ ਉਹ ਵਿਸ਼ਾ ਵਸਤੂ ਨਾਲ ਚੰਗੀ ਤਰ੍ਹਾਂ ਜਾਣੂ ਹੋ ਜਾਣ। ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਮਾਪਿਆਂ ਅਤੇ ਆਂਗਨਵਾੜੀ ਕਰਮਚਾਰੀਆਂ ਨੂੰ ਮਾਣ ਸਤਿਕਾਰ ਦੇਣ ਅਤੇ ਪ੍ਰੀ ਪ੍ਰਾਇਮਰੀ ਖੇਡ ਮਹਿਲ ਦੀਆਂ ਕਿਰਿਆਵਾਂ ਬਾਰੇ ਜਾਣੂ ਕਰਵਾਉਣ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਸਿਖਲਾਈ ਵਰਕਸ਼ਾਪ ਨੂੰ ਬਹੁਤ ਹੀ ਫ਼ਾਇਦੇਮੰਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਨੂੰ ਜਾ ਕੇ ਉਤਸ਼ਾਹਿਤ ਕਰਨਗੇ ਤੇ ਉਹ ਖ਼ੁਦ ਜਾ ਕੇ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਖੇਡ ਮਹਿਲ ਦੀਆਂ ਕਿਰਿਆਵਾਂ ਬਾਰੇ ਮੁਆਇਨਾ ਵੀ ਕਰਨਗੇ। ਸਿਖਲਾਈ ਵਰਕਸ਼ਾਪ ਦੌਰਾਨ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।