ਸਿੱਖਿਆ ਵਿਭਾਗ ਨੇ ਇਕ ਦਿਨਾਂ ਸਿਖਲਾਈ ਵਰਕਸ਼ਾਪ ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਇਬ੍ਰੇਰੀਅਨ ਵਿਦਿਆਰਥੀਆਂ ਵਿੱਚ ਪੜ੍ਹਣ ਦੀ ਰੂਚੀ ਪੈਦਾ ਕਰਨ ਅਤੇ ਨਵੀਆਂ ਕਿਤਾਬਾਂ ਨਾਲ ਵਿਦਿਆਰਥੀਆਂ ਦੀ ਸਾਂਝ ਪਾਉਣ : ਕ੍ਰਿਸ਼ਨ ਕੁਮਾਰ

Education Department training workshop

ਐਸ.ਏ.ਐਸ. ਨਗਰ : ਸਿੱਖਿਆ ਵਿਭਾਗ ਦਾ ਹੁਨਰਮੰਦ ਲਾਇਬ੍ਰੇਰੀ ਸਟਾਫ਼ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਪਹੁੰਚਾਉਣ ਲਈ ਯਤਨਸ਼ੀਲ ਰਹੇਗਾ।ਲਾਇਬ੍ਰੇਰੀਅਨ ਵਿਦਿਆਰਥੀਆਂ ਵਿੱਚ ਪੜ੍ਹਣ ਦੀ ਰੂਚੀ ਪੈਦਾ ਕਰਨ ਅਤੇ ਨਵੀਆਂ ਕਿਤਾਬਾਂ ਨਾਲ ਵਿਦਿਆਰਥੀਆਂ ਦੀ ਸਾਂਝ ਪਾਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਕੀਤਾ।

ਸਿੱਖਿਆ ਵਿਭਾਗ ਪੰਜਾਬ ਵੱਲੋਂ ਲਗਾਈ ਇਕ ਦਿਨਾਂ ਸਿਖਲਾਈ ਵਰਕਸ਼ਾਪ ਦਾ ਤੀਜਾ ਗੇੜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਲਗਾਇਆ ਗਿਆ। ਇਸ ਮੌਕੇ ਬਠਿੰਡਾ ਤੋਂ 53, ਫਰੀਦਕੋਟ ਤੋਂ 27, ਹੁਸ਼ਿਆਰਪੁਰ ਤੋਂ 80, ਜਲੰਧਰ ਤੋਂ 70, ਕਪੂਰਥਲਾ ਤੋਂ 37, ਮਾਨਸਾ ਤੋਂ 31 ਅਤੇ ਮੋਗਾ ਤੋਂ 27 ਲਾਇਬ੍ਰੇਰੀਅਨਾਂ, ਲਾਇਬ੍ਰੇਰੀ ਅਸਿਸਟੈਂਟਾਂ, ਲਾਇਬ੍ਰੇਰੀ ਅਟੈਂਡੈਂਟਾਂ ਅਤੇ ਲਾਇਬ੍ਰੇਰੀ ਰਿਸਟੋਰਰਾਂ ਨੇ ਭਾਗ ਲਿਆ। ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤਪਾਲ ਸਿੰਘ ਤੇ ਡੀਪੀਆਈ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ ਨੇ ਵਰਕਸ਼ਾਪ ਦੌਰਾਨ ਲਾਇਬ੍ਰੇਰੀ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ।

ਸਿੱਖਿਆ ਸਕੱਤਰ ਨੇ ਸਮੂਹ ਲਾਇਬ੍ਰੇਰੀਅਨਾਂ ਨੂੰ ਆਪਣੇ ਸੰਦੇਸ਼ 'ਚ ਕਿਹਾ ਕਿ ਲਾਇਬ੍ਰੇਰੀਅਨ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਲਾਇਬ੍ਰੇਰੀ ਦੀ ਅਹਿਮੀਅਤ ਸਮਝਾਉਣ। ਸਕੂਲਾਂ ਵਿੱਚ ਚੱਲ ਰਹੀ ਦਾਖ਼ਲਾ ਮੁਹਿੰਮ ਦਾ ਸਹਿਯੋਗ ਕਰਦੇ ਹੋਏ ਨਵੇਂ ਦਾਖ਼ਲਿਆਂ ਲਈ ਸੁਹਿਰਦ ਯਤਨ ਕਰਨ। ਇਸ ਦਾਖ਼ਲਾ ਮੁਹਿੰਮ ਦਾ ਉਤਸ਼ਾਹ ਵੀ ਸਕੂਲ ਲਾਇਬ੍ਰੇਰੀਆਂ ਵਿੱਚ ਦਿਖੇ ਇਸ ਲਈ ਨਵੇਂ ਦਾਖ਼ਲ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਣ ਲਈ ਵੀ ਦਿੱਤੀਆਂ ਜਾਣ।

ਇਸ ਮੌਕੇ ਫਗਵਾੜਾ ਤੋਂ ਪਹੁੰਚੀ ਲਾਇਬ੍ਰੇਰੀਅਨ ਅਨੂ ਕਪੂਰ ਅਤੇ ਹੋਰ ਸਟਾਫ਼ ਨੇ ਕਿਹਾ ਕਿ ਉਹਨਾਂ ਨੂੰ ਸਿੱਖਿਆ ਵਿਭਾਗ ਦਾ ਇਹ ਕਦਮ ਬਹੁਤ ਵਧੀਆ ਲੱਗਾ ਹੈ। ਲਾਇਬ੍ਰੇਰੀ ਦਾ ਕੰਮ ਕੰਪਿਊਟਰਾਈਜ਼ਡ ਹੋਣ ਨਾਲ ਕਿਤਾਬਾਂ ਦੀ ਜਾਣਕਾਰੀ ਬਹੁਤ ਜਲਦ ਹੀ ਸੰਕਲਿਤ ਕੀਤੀ ਜਾ ਸਕੇਗੀ ਅਤੇ ਬੱਚਿਆਂ ਨੂੰ ਜਾਰੀ ਕਿਤਾਬਾਂ ਬਾਰੇ ਵੀ ਸੂਚਨਾ ਸੌਖੀ ਤੇ ਛੇਤੀ ਮਿਲੇਗੀ। ਬੱਚਿਆਂ ਦਾ ਧਿਆਨ ਕਿਤਾਬਾਂ ਵੱਲ ਲਿਜਾ ਕੇ ਉਨ੍ਹਾਂ ਨੂੰ ਮੋਬਾਈਲ ਅਤੇ ਹੋਰ ਸਮਾਂ ਗਵਾਉਣ ਵਾਲੀਆਂ ਕਿਰਿਆਵਾਂ ਤੋਂ ਬਚਾਇਆ ਜਾ ਸਕੇਗਾ।