ਮਨੁੱਖੀ ਅਧਿਕਾਰ ਸੰਗਠਨ ਵਲੋਂ ਪਾਵਨ ਸਰੂਪ ਘੱਟ ਹੋਣ ਸਬੰਧੀ ਸ਼੍ਰੋਮਣੀ ਕਮੇਟੀ 'ਤੇ ਲਗਾਏ ਦੋਸ਼ ਬੇਬੁਨਿਆਦ
ਸੰਨ 2016 ਵਿਚ ਸ਼ਾਰਟ ਸਰਕਟ ਸਮੇਂ ਕੇਵਲ 14 ਪਾਵਨ ਸਰੂਪ ਹੀ ਨੁਕਸਾਨੇ ਗਏ ਸਨ
ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਘੱਟ ਹੋਣ ਬਾਰੇ ਗੁਮਰਾਹਕੁਨ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਸਿੱਖਾਂ ਵਿਚ ਨਵਾਂ ਵਿਵਾਦ ਖੜਾ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ।
ਭਾਈ ਮਹਿਤਾ ਨੇ ਕਿਹਾ ਕਿ ਅਸਲ ਵਿਚ ਇਹ ਮਾਮਲਾ ਪਬਲੀਕੇਸ਼ਨ ਵਿਭਾਗ ਦੇ ਇਕ ਸਾਬਕਾ ਮੁਲਾਜ਼ਮ ਸ. ਕੰਵਲਜੀਤ ਸਿੰਘ ਜੋ ਮੂਲ ਰੂਪ ਵਿਚ ਇਸ ਸਾਰੇ ਮਾਮਲੇ 'ਚ ਦੋਸ਼ੀ ਹੈ, ਵਲੋਂ ਜਾਣ-ਬੁੱਝ ਕੇ ਉਲਝਾਇਆ ਜਾ ਰਿਹਾ ਹੈ।
ਪਬਲੀਕੇਸ਼ਨ ਵਿਭਾਗ ਦੇ ਸਾਬਕਾ ਮੁਲਾਜ਼ਮ ਸ. ਕੰਵਲਜੀਤ ਸਿੰਘ ਨੇ ਅਪਣੀ ਸੇਵਾਮੁਕਤੀ (31 ਮਈ 2020) ਸਮੇਂ ਚਾਰਜ ਦੇ ਦੇਣ-ਲੈਣ ਦੌਰਾਨ 267 ਪਾਵਨ ਸਰੂਪ ਘੱਟ ਹੋਣ ਦੀ ਗੱਲ ਖ਼ੁਦ ਕਬੂਲੀ ਹੈ, ਜਦਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਸਾਬਕਾ ਮੁਲਾਜ਼ਮ ਵਲੋਂ ਘਟੇ ਪਾਵਨ ਸਰੂਪਾਂ ਦੇ ਬਣਦੇ ਪੈਸੇ ਜਮ੍ਹਾਂ ਕਰਵਾਉਣ ਲਈ ਵੀ ਲਿਖਤੀ ਤੌਰ 'ਤੇ ਦਿਤਾ ਗਿਆ ਹੈ। ਪ੍ਰੰਤੂ ਹੁਣ ਉਹ ਅਪਣੇ ਦੋਸ਼ਾਂ ਨੂੰ ਛਪਾਉਣ ਲਈ ਜਾਣ-ਬੁਝ ਕੇ ਸ਼੍ਰੋਮਣੀ ਕਮੇਟੀ ਦਾ ਅਕਸ ਖ਼ਰਾਬ ਕਰ ਰਿਹਾ ਹੈ।
ਉਸ ਵਲੋਂ ਮਨੁੱਖੀ ਅਧਿਕਾਰ ਸੰਗਠਨ ਰਾਹੀਂ ਮਾਮਲੇ ਨੂੰ ਸੰਨ 2016 ਵਿਚ ਹੋਏ ਸ਼ਾਰਟ ਸਰਕਟ ਨਾਲ ਜੋੜਿਆ ਜਾ ਰਿਹਾ ਹੈ, ਜਦਕਿ ਉਸ ਸਮੇਂ ਕੇਵਲ 14 ਪਾਵਨ ਸਰੂਪ ਹੀ ਨੁਕਸਾਨੇ ਗਏ ਸਨ।
ਭਾਈ ਮਹਿਤਾ ਨੇ ਕਿਹਾ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੂੰ ਵੀ ਇਸ ਬਾਰੇ ਸੰਸਥਾ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਤਕ ਪਹੁੰਚ ਕਰਨੀ ਚਾਹੀਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਂਜ ਤਾਂ ਮਨੁੱਖੀ ਅਧਿਕਾਰ ਸੰਗਠਨ ਦਾ ਇਹ ਅਧਿਕਾਰ ਖੇਤਰ ਹੀ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ