3 ਰੋਜ਼ਾ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ, ਮੰਗਾਂ ਨਾ ਮੰਨਣ 'ਤੇ ਪ੍ਰਦਰਸ਼ਨ ਹੋਵੇਗਾ ਹੋਰ ਤੇਜ਼
ਸਵੇਰੇ 4 ਵਜੇ ਤੋਂ ਲੈਕੇ ਸਵੇਰੇ 8 ਵਜੇ ਤੱਕ ਪੂਰਾ ਬੱਸ ਸਟੈਂਡ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬੱਸ ਸਟੈਂਡ ਅੰਦਰੋਂ ਕੋਈ ਵੀ ਬੱਸ ਨਹੀਂ ਜਾਣ ਦਿਤੀ
ਗੁਰਦਾਸਪੁਰ (ਨਿਤੀਨ ਲੂਥਰਾ) :ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਵਿਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੇ ਵਲੋਂ ਹੜਤਾਲ ਕਰਕੇ ਸਰਕਾਰ ਖਿਲ਼ਾਫ ਨਾਅਰੇਬਾਜ਼ੀ ਕੀਤੀ ਗਈ। ਸਵੇਰੇ 4 ਵਜੇ ਤੋਂ ਲੈਕੇ ਸਵੇਰੇ 8 ਵਜੇ ਤੱਕ ਪੂਰਾ ਬੱਸ ਸਟੈਂਡ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬੱਸ ਸਟੈਂਡ ਦੇ ਅੰਦਰੋਂ ਕੋਈ ਵੀ ਬੱਸ ਨਹੀਂ ਜਾਣ ਦਿਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇ ਸਾਡੀਆਂ ਮੰਗਾ ਨਾ ਮੰਨੀਆ ਗਈਆਂ ਤਾਂ ਅਸੀਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਕਰਾਂਗੇ।
ਬਟਾਲਾ ਬੱਸ ਸਟੈਂਡ ਤੇ ਪ੍ਰਦਰਸ਼ਨ ਕਰ ਰਹੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦਾ ਕਹਿਣਾ ਸੀ, ਕਿ ਸਰਕਾਰ ਸਾਨੂੰ ਲੰਬੇ ਸਮੇਂ ਤੋਂ ਲਾਰੇ ਲਗਾਉਂਦੀ ਆ ਰਹੀ ਹੈ, ਸਾਡੀਆਂ ਮੰਗਾਂ ਹਜੇ ਤੱਕ ਸਰਕਾਰ ਵਲੋਂ ਨਹੀਂ ਮੰਨੀਆਂ ਗਈਆਂ ਹਨ, ਜਿਸ ਕਰਕੇ ਮਜ਼ਬੂਰ ਹੋ ਕੇ ਅਸੀਂ ਤਿੰਨ ਦਿਨਾਂ ਦੀ ਹੜਤਾਲ ਕੀਤੀ ਹੈ, ਸਰਕਾਰ ਨੂੰ ਕਈ ਵਾਰੀ ਮੰਗ ਪੱਤਰ ਦਿੱਤੇ ਗਏ ਹਨ ਪਰ ਸਰਕਾਰ ਨੇ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ। ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡੀ ਇਹ ਹੜਤਾਲ ਤਿੰਨ ਦਿਨਾਂ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ - Triple Murder: ਬਦਮਾਸ਼ਾਂ ਨੇ ਇਕੋਂ ਪਰਿਵਾਰ ਦੇ 4 ਜੀਆਂ ਨੂੰ ਮਾਰੀ ਗੋਲੀ, 3 ਦੀ ਮੌਤ, 1 ਗੰਭੀਰ
ਅੱਜ ਸਾਡੀ ਸੈਂਟਰ ਬਾਡੀ ਦੀ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੈ ਜੇ ਮੀਟਿੰਗ ਵਿਚ ਕੋਈ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਸਾਡੀਆਂ ਮੰਗਾਂ ਇਹ ਹਨ, ਕੱਚੇ ਕਾਮੇ ਪੱਕੇ ਕੀਤੇ ਜਾਣ, ਸੁਪ੍ਰੀਮ ਕੋਰਟ ਦਾ ਫੈਸਲਾ ਹੈ ਕਿ ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰੋ, ਰਿਪੋਰਟਾਂ ਦੀਆਂ ਕੰਡੀਸ਼ਨਾਂ ਰੱਦ ਕਰੋ, ਕਾਰਜ ਮੁਕਤ ਬੱਸਾਂ ਪੰਜਾਬ ਰੋਡਵੇਜ਼ ਵਿਚ ਸਟਾਫ ਸਮੇਤ ਮਰਜ ਕੀਤੀਆਂ ਜਾਣ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਜਲਦੀ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ਦੇ ਪ੍ਰਦਰਸ਼ਨ ਕੀਤਾ ਜਾਵੇਗਾ।