ਸਥਾਪਨਾ ਦਿਵਸ 'ਤੇ ਵਿਸ਼ੇਸ਼: ਪੰਜਾਬ ਦਾ ਇਤਿਹਾਸਕ ਤੇ ਧਾਰਮਕ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ
ਸਥਾਪਨਾ ਦਿਵਸ 'ਤੇ ਵਿਸ਼ੇਸ਼
ਪੰਜਾਬ ਦਾ ਇਤਿਹਾਸਕ ਤੇ ਧਾਰਮਕ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਸ਼ਿਵਾਲਿਕ ਦੀਆਂ ਵਾਦੀਆਂ ਦੀ ਗੋਦ 'ਚ ਵਸਦਾ ਹੈ ਅਤੇ ਸਤਲੁਜ ਇਸ ਦੀ ਖ਼ੂਬਬੂਰਤੀ ਵਿਚ ਹੋਰ ਵਾਧਾ ਕਰਦਾ ਹੈ। 17ਵੀਂ ਸਦੀ ਵਿਚ ਇਸ ਥਾਂ ਤੇ ਘੁੱਗ ਵਸਦਾ ਪਿੰਡ ਮਾਖੋਵਾਲ ਸੀ, ਜਿਸ ਨੂੰ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਯੁੱਧਾਂ ਦੇ ਟਾਕਰੇ ਲਈ ਢੁਕਵਾਂ ਸਥਾਨ ਹੋਣ ਕਾਰਨ ਕੋਟ ਕਹਿਲੂਰ ਦੇ ਰਾਜਾ ਦੀਪ ਚੰਦ ਪਾਸੋਂ ਖ਼ਰੀਦ ਕੇ 19 ਜੂਨ ਸੰਨ 1665 ਵਾਲੇ ਦਿਨ ਨਗਰ ਵਸਾਇਆ ਅਤੇ ਅਪਣੀ ਮਾਤਾ ਜੀ ਦੇ ਨਾਂ ਤੇ 'ਚੱਕ ਮਾਤਾ ਨਾਨਕੀ' ਇਸ ਦਾ ਨਾਂ ਰਖਿਆ।
ਬਾਅਦ ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਮੇਂ ਅਨੰਦਪੁਰ ਸਾਹਿਬ ਹੋਇਆ। ਇਸ ਸਮੇਂ ਇਹ ਜ਼ਿਲ੍ਹਾ ਰੋਪੜ ਦਾ ਸਬ-ਡਵੀਜ਼ਨ ਮੁਕਾਮ ਹੈ। ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੋਵੇਂ ਹਲਕੇ ਹਨ। ਸੰਯੋਗ ਦੀ ਗੱਲ ਹੈ ਕਿ ਸਮੇਂ-ਸਮੇਂ 19 ਜੂਨ ਦੇ ਦਿਹਾੜੇ ਕਈ ਇਤਿਹਾਸਕ ਘਟਨਾਵਾਂ ਵਾਪਰੀਆਂ। ਵੱਖ-ਵੱਖ ਸਮਿਆਂ ਵਿਚ 19 ਜੂਨ ਵਾਲੇ ਦਿਹਾੜੇ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਦਿਹਾੜਾ, ਸ਼੍ਰੀ ਗੁਰੂ ਹਰਿ ਰਾਇ ਜੀ ਦਾ ਵਿਆਹ ਬੀਬੀ ਕ੍ਰਿਸ਼ਨਾ ਨਾਲ ਹੋਇਆ ਅਤੇ 19 ਜੂਨ 1677 ਵਿਚ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕਾ ਲਾਹੌਰ ਦੀ ਸਥਾਪਨਾ ਕੀਤੀ।
ਇਸ ਕਿਲ੍ਹੇਨੁਮਾ ਨਗਰ ਵਿਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਪਣੇ ਨਿਵਾਸ ਸਥਾਨ ਤੇ ਭਜਨ ਬੰਦਗੀ ਕਰਦੇ ਸਨ। ਉਨ੍ਹਾਂ ਨੇ ਸੰਗਤਾਂ ਨੂੰ ਆਪਸੀ ਭਾਈਚਾਰੇ, ਪ੍ਰੇਮ ਪਿਆਰ ਅਤੇ ਦੂਜੇ ਧਰਮਾਂ ਦਾ ਆਦਰ ਮਾਣ ਕਰਨਾ ਦ੍ਰਿੜ ਕਰਵਾਇਆ ਸੀ। ਇਸ ਨਗਰ ਵਿਚ ਹੀ ਕਸ਼ਮੀਰੀ ਪੰਡਿਤਾਂ ਦੀ ਹਿੰਦੂ ਧਰਮ ਦੇ ਬਚਾਅ ਦੀ ਉਨ੍ਹਾਂ ਦੀ ਫ਼ਰਿਆਦ ਸੁਣੀ ਸੀ ਅਤੇ ਪਿੱਛੋਂ ਦਿੱਲੀ ਜਾ ਕੇ ਅਪਣੀ ਸ਼ਹਾਦਤ ਦੇ ਕੇ ਤਿਲਕ ਜੰਜੂ ਦੀ ਰਾਖੀ ਕੀਤੀ। ਇਸ ਨਗਰ ਵਿਚ ਹੀ ਸਰਬੰਸਦਾਨੀ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਜੀਵਨ ਦੇ 42 ਸਾਲ ਦੇ ਛੋਟੇ ਜਿਹੇ ਸਮੇਂ ਵਿਚ ਉਹ ਕੁੱਝ ਕਰ ਵਿਖਾਇਆ।
ਜਿਸ ਦੀ ਸਾਰੇ ਸੰਸਾਰ ਦੇ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਨੇ 9 ਸਾਲ ਦੀ ਉਮਰ ਵਿਚ ਮਨੁੱਖੀ ਆਜ਼ਾਦੀਆਂ ਨੂੰ ਬਚਾਉਣ ਵਾਸਤੇ ਖ਼ੁਦ ਅਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਅਤੇ ਔਰੰਗਜ਼ੇਬ ਦੇ ਜ਼ੁਲਮੀ ਰਾਜ ਦਾ ਖ਼ਾਤਮਾ ਕਰਨ ਲਈ ਦਿੱਲੀ ਤੋਰਿਆ। ਉਸ ਸਮੇਂ ਨਿਤਾਣੀ ਤੇ ਮੁਰਦਾ ਹੋ ਚੁੱਕੀ ਕੌਮ ਵਿਚ ਅਣਖ, ਗ਼ੈਰਤ ਭਰਨ ਲਈ ਸਾਰੇ ਜਾਤਾਂ-ਪਾਤਾਂ ਦੇ ਲੋਕਾਂ ਨੂੰ ਇਕੱਠਾ ਕੀਤਾ। 1699 ਦੀ ਵਿਸਾਖੀ ਵਾਲੇ ਦਿਨ ਉਨ੍ਹਾਂ ਨੇ ਜਾਤ-ਪਾਤ ਦਾ ਭੇਦ ਖ਼ਤਮ ਕਰ ਕੇ ਇਕੋ ਬਾਟੇ ਵਿਚੋਂ ਅੰਮ੍ਰਿਤ ਦੀ ਦਾਤ ਪਿਆ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਧਰਮ ਅਤੇ ਸਦਾਚਾਰ ਦਾ ਸੁਮਲੇ ਕੀਤਾ।
ਲੋਕ ਬਦਲੇ, ਉਨ੍ਹਾਂ ਦੀ ਮਾਨਸਿਕਤਾ ਬਦਲੀ, ਵਿਚਾਰਧਾਰਾ, ਆਦਰਸ਼, ਕਾਰਜਾਂ ਤੇ ਕਰਮਾਂ ਦਾ ਨਵੀਨੀਕਰਨ ਕੀਤਾ, ਜਿਸ ਨੇ ਲੋਕ ਸ਼ਕਤੀ, ਲੋਕ ਸੰਗਠਨ ਦੇ ਬਲ ਦਾ ਚਮਤਕਾਰ ਕਰ ਵਿਖਾਇਆ ਅਤੇ ਇਸ ਦਿਹਾੜੇ ਨੂੰ ਨਵਾਂ ਅਰਥ ਪ੍ਰਦਾਨ ਕੀਤਾ। ਉਨ੍ਹਾਂ ਨੇ ਰਾਜ ਨਹੀਂ, ਸਮਾਜ ਬਦਲਿਆ ਅਤੇ ਬਰਾਬਰੀ ਤੇ ਅਧਾਰਤ ਵਰਗ-ਰਹਿਤ ਸਮਾਜ ਦੀ ਸਥਾਪਨਾ ਕੀਤੀ। ਗੁਰੂ ਸਾਹਿਬ ਨੇ ਪੁਰਾਤਨ ਸਮੇਂ ਤੋਂ ਚਲੇ ਆ ਰਹੇ ਸਦੀਆਂ ਪੁਰਾਣੇ ਹੋਲੀ ਦੇ ਤਿਉਹਾਰ ਨੂੰ ਹੋਲੇ ਦਾ ਨਾਂ ਦੇ ਕੇ ਹਰ ਸਾਲ ਮਨਾਉਣ ਦਾ ਆਦੇਸ਼ ਦਿਤਾ। ਇਸ ਮੌਕੇ ਉਹ ਸਿੰਘਾਂ ਦੇ ਦੋ ਦਲ ਬਣਾਉਂਦੇ ਤੇ ਉਨ੍ਹਾਂ ਵਿਚ ਆਪਸੀ ਯੁੱਧ ਕਰਾਉਂਦੇ।
ਇਹ ਮਿੱਤਰ ਯੁੱਧ ਕਿਲ੍ਹਾ ਹੋਲਗੜ੍ਹ ਤੋਂ ਸ਼ੁਰੂ ਹੋ ਕੇ ਕਿਲ੍ਹਾ ਫਤਿਹਗੜ੍ਹ ਤਕ ਜਾਰੀ ਰਹਿੰਦਾ ਅਤੇ ਜੇਤੂ ਦਲ ਨੂੰ ਸਿਰੋਪੇ ਅਤੇ ਬਖ਼ਸ਼ਿਸ਼ਾਂ ਕਰਦੇ। ਮਹੱਲੇ ਦੇ ਤਿਉਹਾਰ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਡਰਾਕਲ ਹੋ ਚੁੱਕੀ ਕੌਮ ਵਿਚ ਬਹਾਦਰੀ ਦੀ ਸੋਚ ਭਰ ਕੇ ਬਹਾਦਰ ਅਤੇ ਚੜ੍ਹਦੀ ਕਲਾ ਦੀਆਂ ਬੁਲੰਦੀਆਂ ਵਿਚ ਲਿਆਉਣਾ ਸੀ। ਕੌਮੀ ਮੇਲੇ ਦਾ ਰੂਪ ਧਾਰ ਚੁੱਕਾ ਇਹ ਹੋਲਾ-ਮਹੱਲਾ ਉਸੇ ਸਮੇਂ ਤੋਂ ਹੀ ਮਨਾਇਆ ਜਾਣਾ ਅਰੰਭ ਹੋਇਆ। ਇਸ ਮੌਕੇ ਦੇਸ਼-ਵਿਦੇਸ਼ ਦੀਆਂ 25-30 ਲੱਖ ਸੰਗਤਾਂ ਹਰ ਸਾਲ ਦਸਮ ਪਾਤਸ਼ਾਹ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਕੇ ਨਿਹਾਲ ਹੁੰਦੀਆਂ ਹਨ।
ਇਤਿਹਾਸਕ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਨੇ ਧਾਰਮਕ ਸ਼ਹਿਰ ਦਾ ਦਰਜਾ ਦੇ ਕੇ ਇਸ ਨੂੰ ਹਰ ਤਰ੍ਹਾਂ ਦੇ ਨਸ਼ੇ, ਮਾਸ ਅਤੇ ਤੰਬਾਕੂ ਤੋਂ ਮੁਕਤ ਰੱਖਣ ਦਾ ਆਦੇਸ਼ ਦਿਤਾ ਹੋਇਆ ਹੈ ਅਤੇ ਇਸ ਸਥਾਨ ਦੀ ਧਾਰਮਕ ਮਾਨਤਾ ਦੇ ਮੱਦੇਨਜ਼ਰ ਬਿਜਲੀ ਦੇ ਕੱਟ ਨਾ ਲੱਗਣ ਦੀ ਵੀ ਛੋਟ ਮਿਲੀ ਹੋਈ ਹੈ। ਇਸ ਸ਼ਹਿਰ ਵਿਚ ਖ਼ਾਲਸਾ ਪੰਥ ਦੀ ਸਿਰਜਣਾ ਵਾਲੇ ਪਵਿੱਤਰ ਸਥਾਨ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ। ਮਨੁੱਖਤਾ ਦੇ ਇਸ ਸਾਂਝੇ ਤੀਰਥ ਸਥਾਨ ਤੇ ਗੁਰਬਾਣੀ ਦੇ ਰੂਪ ਵਿਚ ਮਾਨਵਤਾ ਦੀ ਭਲਾਈ ਵਾਲੇ ਸੰਦੇਸ਼ ਦੀ ਬਖ਼ਸ਼ਿਸ਼ ਹੁੰਦੀ ਰਹਿੰਦੀ ਹੈ।
ਇਸ ਤੋਂ ਇਲਾਵਾ ਇਥੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ, ਅਨੰਦਗੜ੍ਹ ਸਾਹਿਬ, ਸੀਸ ਗੰਜ ਸਾਹਿਬ, ਫਤਹਿਗੜ੍ਹ ਸਾਹਿਬ, ਭਗਤ ਰਵਿਦਾਸ, ਗੁਰੂ ਕਾ ਲਾਹੌਰ, ਭਬੌਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਹਨ। ਇਸ ਸ਼ਹਿਰ ਤੋਂ ਕੁੱਝ ਕਿਲੋਮੀਟਰ ਦੂਰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵੀ ਹੈ, ਜਿਸ ਦੇ ਦਰਸ਼ਨ-ਦੀਦਾਰੇ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁਫ਼ਤ ਬੱਸ ਵੀ ਲਗਾਈ ਹੋਈ ਹੈ, ਜੋ ਹਰ ਰੋਜ਼ ਯਾਤਰੂਆਂ ਨੂੰ ਲੈ ਕੇ ਜਾਂਦੀ ਹੈ। ਪੰਜਾਬ ਦੀ ਉਸ ਸਮੇਂ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ 1999 ਵਿਚ ਖ਼ਾਲਸਾ ਪੰਥ ਦੀ ਤੀਜੀ ਜਨਮ ਸ਼ਤਾਬਦੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰੀ ਪੱਧਰ ਤੇ ਮਨਾਈ ਸੀ।
ਜਿਸ ਵਿਚ ਉਸ ਸਮੇਂ ਦੀ ਕੇਂਦਰ ਦੀ ਲੋਕਤੰਤਰਕ ਗਠਜੋੜ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਸਮੇਤ ਕਈ ਮੰਤਰੀਆਂ ਅਤੇ ਰਾਜਸੀ ਆਗੂਆਂ ਨੇ ਸ਼ਿਰਕਤ ਕੀਤੀ, ਜਿਸ ਕਰ ਕੇ ਸਿੱਖ ਪੰਥ ਦੀ ਸਿਰਜਣਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਮਹੱਤਤਾ ਦੁਨੀਆਂ ਦੇ ਨਕਸ਼ੇ ਤੇ ਆ ਗਈ। ਪਰ ਸਿੱਖ ਪੰਥ ਦੇ ਇਤਿਹਾਸ ਨੂੰ ਸੰਗਠਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨ ਦੇ ਮੰਤਵ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਮਨਮੋਹਕ ਗੋਦ ਵਿਚ ਸਥਾਪਤ ਕੀਤੀ ਗਈ ਯਾਦਗਾਰ 'ਵਿਰਾਸਤ-ਏ-ਖ਼ਾਲਸਾ ਕੇਂਦਰ' ਨੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਹੈ।
ਇਥੇ ਆਉਣ ਵਾਲੇ ਸੈਲਾਨੀਆਂ ਨੂੰ ਹੋਰ ਸੁੱਖ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਆਧੁਨਿਕ ਕਿਸਮ ਦਾ ਬੱਸ ਸਟੈਡ ਬਣਾਇਆ ਗਿਆ ਹੈ। ਇਸ ਦੇ ਕਰੀਬ ਹੀ ਬੈਂਕ ਵਿਚ ਏ.ਟੀ.ਐਮ. ਦੀ ਸਹੂਲਤ ਉਪਲਬਧ ਹੈ ਅਤੇ ਨਾਲ ਲਗਦੇ ਸ਼ੋਅਰੂਮ ਵਿਚ ਕਰੰਸੀ ਤਬਦੀਲੀ ਦੀ ਸਹੂਲਤ ਵੀ ਸਿੰਘ ਐਂਡ ਸਿੰਘ ਐਂਟਰਪ੍ਰਾਈਜ਼ਿਜ਼ ਦੇ ਰਹੇ ਹਨ। ਰੇਲਵੇ ਸਟੇਸ਼ਨ ਨੂੰ ਆਧੁਨਿਕ ਪੱਧਰ ਦਾ ਬਣਾਉਣ ਦੀ ਯੋਜਨਾ ਕੇਂਦਰ ਸਰਕਾਰ ਵਲੋਂ ਬਣਾਈ ਗਈ ਹੈ, ਜਿਸ ਵਿਚ ਏ.ਟੀ.ਐਮ. ਸਮੇਤ ਸੈਲਾਨੀਆਂ ਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਆਸ ਕੀਤੀ ਜਾਂਦੀ ਹੈ ਕਿ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਕ ਮਹੱਤਤਾ ਦੇ ਨਾਲ ਇਹ ਸੈਲਾਨੀਆਂ ਦੇ ਆਕਰਸ਼ਣ ਵਾਲਾ ਸਥਾਨ ਵੀ ਬਣ ਜਾਵੇਗਾ।
ਐਨ.ਐਸ.ਆਹੂਜਾ ਸੰਪਰਕ : 98551-52241