ਰੁੱਤ ਵਾਅਦੇ ਨਿਭਾਉਣ ਦੀ ਆਈ : ਵਿਦਿਆਰਥੀਆਂ ਨੂੰ ਜਲਦ ਵੰਡੇ ਜਾਣਗੇ 50 ਹਜ਼ਾਰ ਮੋਬਾਈਲ ਫ਼ੋਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਕੂਲਾਂ 'ਚ 11ਵੀਂ ਅਤੇ 12ਵੀਂ 'ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਦਿਤੀ ਜਾਵੇਗੀ ਤਰਜੀਹ

Capt. Amarinder Singh

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦਾ ਵੇਲਾ ਜਿਉਂ ਜਿਉਂ ਨਜ਼ਦੀਕ ਆ ਰਿਹਾ ਹੈ, ਪੰਜਾਬ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਸੱਤਾਧਾਰੀ ਧਿਰ ਵੀ ਲੋਕਾਂ ਨਾਲ ਜੁੜਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੁੰਦੀ। ਇਸੇ ਤਹਿਤ ਜਿੱਥੇ ਪੰਜਾਬ ਅੰਦਰ ਰਹਿੰਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਣ ਦੀ ਸਰਗਰਮੀ ਵਿਖਾਈ ਜਾ ਰਹੀ ਹੈ, ਉਥੇ ਹੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਤਿਆਰੀ ਖਿੱਚ ਲਈ ਹੈ।

ਪੰਜਾਬ ਸਰਕਾਰ ਅਪਣੇ ਚੁਣਾਵੀਂ ਵਾਅਦੇ ਮੁਤਾਬਕ ਹੁਣ ਪੰਜਾਬ ਦੇ ਵਿਦਿਆਰਥੀਆਂ ਨੂੰ 50 ਹਜ਼ਾਰ ਦੇ ਕਰੀਬ ਮੋਬਾਈਲ ਫ਼ੋਨ ਵੰਡਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਬਕਾਇਦਾ ਐਲਾਨ ਵੀ ਕਰ ਦਿਤਾ ਹੈ। ਅੱਜ ਪੰਜਾਬ ਯੂਥ ਕਾਂਗਰਸ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਕੀਤੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਫ਼ੋਨ ਸੂਬੇ 'ਚ ਸਰਕਾਰੀ ਸਕੂਲਾਂ ਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿਤੇ ਜਾਣਗੇ।

ਮੁੱਖ ਮੰਤਰੀ ਮੁਤਾਬਕ ਇਹ ਫ਼ੋਨ ਵਿਦਿਆਰਥਣਾਂ ਦੀ ਆਨਲਾਈਨ ਪੜ੍ਹਾਈ ਨੂੰ ਹੋਰ ਸੁਖਾਲੀ ਕਰਨ ਦੇ ਮਕਸਦ ਨਾਲ ਦਿਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ 2017 ਦੀਆਂ ਚੋਣਾਂ ਦੌਰਾਨ ਲੋਕਾਂ ਨਾਲ 562 ਵਾਅਦੇ ਕੀਤੇ ਸਨ, ਜਿਨ੍ਹਾਂ ਵਿਚੋਂ 435 ਵਾਅਦੇ ਪੂਰੇ ਕਰ ਦਿਤੇ ਹਨ।  ਜਦਕਿ ਬਾਕੀ ਰਹਿੰਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਰਕਾਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।

ਯੂਥ ਕਾਂਗਰਸ ਦੇ ਪ੍ਰਤੀਨਿਧੀਆਂ ਵਲੋਂ ਸਮਾਰਟ ਫ਼ੋਨ ਵੰਡਣ 'ਚ ਹੋ ਰਹੀ ਦੇਰੀ ਸਬੰਧੀ ਸ਼ੰਕਾ ਜ਼ਾਹਰ ਕਰਨ 'ਤੇ ਮੁੱਖ ਮੰਤਰੀ ਨੇ ਕਿਹਾ ਕਿ 50 ਹਜ਼ਾਰ ਸਮਾਰਟ ਫ਼ੋਨਾਂ ਦੀ ਖੇਪ ਕੰਪਨੀ ਵਲੋਂ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੋਨ ਜਲਦੀ ਹੀ ਵਿਦਿਆਰਥਣਾਂ ਦੇ ਸਪੁਰਦ ਕਰ ਦਿਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਫੋਨਾਂ ਦਾ ਚੀਨ ਨਾਲ ਕੋਈ ਸਬੰਧ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਫ਼ੋਨ ਸੂਬੇ ਦੇ ਸਰਕਾਰੀ ਸਕੂਲਾਂ ਅੰਦਰ ਪੜ੍ਹਦੀਆਂ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਵੰਡੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਕਰੋਨਾ ਕਾਲ ਦੌਰਾਨ ਆਨਲਾਈਨ ਪੜ੍ਹਾਈ ਕਰਨ 'ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਫ਼ੋਨ ਵੰਡਣ ਸਮੇਂ ਪਹਿਲਾਂ ਉਨ੍ਹਾਂ ਵਿਦਿਆਰਥਣਾਂ ਨੂੰ ਤਰਜੀਹ ਦਿਤੀ ਜਾਵੇਗੀ, ਜਿਨ੍ਹਾਂ ਕੋਲ ਪਹਿਲਾਂ ਫ਼ੋਨ ਨਹੀਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।