Punjab Vidhan Sabha : ਨਵਜੋਤ ਸਿੱਧੂ ਨੇ ਬਾਦਲਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੋਲਦਿਆਂ ਬਾਦਲਾਂ 'ਤੇ ਜਮ ਕੇ ਨਿਸ਼ਾਨਾ ਸਾਧਿਆ...

Navjot Singh Sidhu

ਚੰਡੀਗੜ੍ਹ : ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੋਲਦਿਆਂ ਬਾਦਲਾਂ 'ਤੇ ਜਮ ਕੇ ਨਿਸ਼ਾਨਾ ਸਾਧਿਆ। ਨਵਜੋਤ ਸਿੱਧੂ ਨੇ ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ 'ਤੇ ਬੋਲਦਿਆਂ ਆਖਿਆ ਕਿ ਜਦੋਂ ਬੱਚੀਆਂ ਦੀ ਇੱਜ਼ਤ ਰੋਲਣ ਵਾਲਿਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਂਦੀ ਹੈ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਗਲੀਆਂ ਵਿਚ ਰੋਲਣ ਵਾਲਿਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ?

ਉਨ੍ਹਾਂ ਆਖਿਆ ਕਿ ਸਾਰਾ ਪੰਜਾਬ ਅੱਜ ਮੁੱਖ ਮੰਤਰੀ ਸਾਬ੍ਹ ਵੱਲ ਦੇਖ ਰਿਹਾ ਹੈ ਕਿ ਉਹ ਗੁਰੂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕੀ ਸਜ਼ਾ ਸੁਣਾਉਣਗੇ? ਸਿੱਧੂ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਸਾਂ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਪੰਜ ਵਕਤ ਦੇ ਨਮਾਜ਼ੀ ਬਾਬਾ ਫ਼ਰੀਦ ਜੀ ਤੋਂ ਇਲਾਵਾ ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਸਮੇਤ ਅਨੇਕਾਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਪਰ ਅਕਾਲੀਆਂ ਨੇ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਅਕਾਲੀਆਂ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆਂ, ਨਾਲੀਆਂ ਵਿਚ ਰੋਲਿਆ।

ਸਿੱਧੂ ਨੇ ਆਖਿਆ ਕਿ ਸੁਖਬੀਰ ਬਾਦਲ ਹਰ ਇਕ ਚੀਜ਼ ਨੂੰ ਪੈਸਿਆਂ ਨਾਲ ਤੋਲਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਕੋਈ ਕਿਸਾਨ ਨਹੀਂ, ਕੋਈ ਸਿਆਸਤਦਾਨ ਨਹੀਂ ਬਲਕਿ ਇਕ ਸੌਦਾਗਰ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ 'ਤੇ ਵੱਡੇ ਘਪਲੇ ਕਰਨ ਦਾ ਦੋਸ਼ ਲਗਾਇਆ।