ਕੈਮਿਸਟ ਕੋਲੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਫ.ਡੀ.ਏ ਅਤੇ ਸੀ.ਆਈ.ਏ. ਦੀ ਸਾਂਝੀ ਟੀਮ ਨੇ ਕੀਤੀ ਕਾਰਵਾਈ, 90 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ

FDA, CIA joint team recovers large quantity of habit forming drugs

ਚੰਡੀਗੜ੍ਹ : ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ (ਐਫ.ਡੀ.ਏ.) ਅਤੇ ਸੀ.ਆਈ.ਏ. ਦੀਆਂ ਟੀਮਾਂ ਵਲੋਂ ਸਾਂਝੀ ਕਾਰਵਾਈ ਕਰਦਿਆਂ ਫ਼ਰੀਦਕੋਟ ਵਿਖੇ ਇਕ ਕੈਮਿਸਟ ਕੋਲੋਂ ਨਾਰਕੋਟਿਕ ਡਰੱਗਜ਼ ਐਂਡ ਸਾਇਕੋਟ੍ਰੋਪਿਕ ਸਬਟਾਂਸਿਸ ਐਕਟ, 1985 ਤਹਿਤ ਪਾਬੰਦੀਸ਼ੁਦਾ ਦਵਾਈਆਂ ਭਾਰੀ ਮਾਤਰਾ ਵਿਚ ਜ਼ਬਤ ਕੀਤੀਆਂ ਗਈਆਂ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਐਫ.ਡੀ.ਏ., ਕੇ.ਐਸ. ਪਨੂੰ ਨੇ ਦਸਿਆ ਕਿ ਮੰਗਲਵਾਰ ਦੀ ਦੇਰ ਸ਼ਾਮ ਪੁਰਾਣਾ ਬਸ ਸਟੈਂਡ, ਜ਼ਿਲ੍ਹਾ ਫਰੀਦਕੋਟ ਨਜ਼ਦੀਕ ਮੈਸਰਜ਼ ਫਰੈਂਡਜ਼ ਮੈਡੀਕਲ ਏਜੰਸੀ ਵਿਖੇ ਕੀਤੀ ਗਈ ਛਾਪੇਮਾਰੀ ਵਿਚ ਆਦਤ ਪਾਉਣ ਵਾਲੀਆਂ 11 ਤਰ੍ਹਾਂ ਦੀਆਂ ਦਵਾਈਆਂ ਜਿਹਨਾਂ ਵਿਚ ਜ਼ਿਆਦਾਤਰ ਟਰਾਮਾਡੋਲ, ਡਾਇਫੈਨੋਜ਼ਾਈਲੇਟ ਤੇ ਬੁਪਰੀਨੌਰਫਿਨ ਦੀਆਂ ਗੋਲੀਆਂ ਸ਼ਾਮਲ ਹਨ, ਦੀਆਂ ਕੁੱਲ 2555 ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਸਟੋਰ ਨੇ ਫਾਰਮ 16 ਵਿਚ ਬਿਨ੍ਹਾਂ ਕੋਈ ਖਰੀਦ ਰਿਕਾਰਡ ਦਰਜ ਕੀਤੇ 28 ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਦਾ ਭੰਡਾਰ ਵੀ ਰੱਖਿਆ ਹੋਇਆ ਸੀ। ਬਿਨ੍ਹਾਂ ਰਿਕਾਰਡ ਵਾਲੀਆਂ ਜ਼ਬਤ ਕੀਤੀਆਂ ਇਹਨਾਂ ਦਵਾਈਆਂ ਵਿਚ 3040 ਗੋਲੀਆਂ, 62 ਕਿੱਟਾਂ, ਇੰਜੈਕਸ਼ਨ ਦੀਆਂ 70 ਸ਼ੀਸ਼ੀਆਂ ਸਮੇਤ ਕੁੱਲ 34887 ਦਵਾਈਆਂ ਸ਼ਾਮਲ ਹਨ।

ਇਸ ਛਾਪੇਮਾਰੀ ਤੋਂ ਬਾਅਦ ਟੀਮ ਵਲੋਂ ਫਰਮ ਦੇ ਮਾਲਕ ਦੀ ਰਿਹਾਇਸ਼ ਦੀ ਤਲਾਸ਼ੀ ਵੀ ਲਈ ਗਈ। ਐਫ.ਡੀ.ਏ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਘਰ ਦੀ ਬੇਸਮੈਂਟ ਵਿਚੋਂ ਐਨ.ਡੀ.ਪੀ.ਐਸ. ਐਕਟ ਤਹਿਤ ਪਾਬੰਦੀਸ਼ੁਦਾ 33 ਪ੍ਰਕਾਰ ਦੀਆਂ ਦਵਾਈਆਂ ਜਿਹਨਾਂ ਵਿਚ ਟਰਾਮਾਡੋਲ, ਡਾਇਫੈਨੋਜ਼ਾਈਲੇਟ ਤੇ ਬੁਪਰੀਨੌਰਫਿਨ, ਅਲਪਰਾਜ਼ੋਲਮ ਅਤੇ ਕਲੋਂਜ਼ੀਪਾਮ ਸ਼ਾਮਲ ਹਨ, ਬਰਾਮਦ ਕੀਤੀਆਂ ਗਈਆਂ। ਆਦੀ ਬਣਾਉਣ ਵਾਲੀਆਂ ਕੁੱਲ 65845 ਗੋਲੀਆਂ, 119 ਟੀਕੇ ਅਤੇ 30 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ।

ਪੁਲਿਸ ਵਲੋਂ ਇਸ ਮੈਡੀਕਲ ਏਜੰਸੀ ਦੇ ਮਾਲਕ ਦੀ ਰਿਹਾਇਸ਼ ਤੋਂ ਲਗਭਗ 90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਸਟੋਰ/ਘਰ ਦਾ ਮਾਲਕ ਪੁਲਿਸ ਦੀ ਹਿਰਾਸਤ ਵਿਚ ਹੈ ਜਿਸ ਖਿਲਾਫ ਪੁਲਿਸ ਵਲੋਂ ਥਾਣਾ ਸਿਟੀ, ਫਰੀਦਕੋਟ ਵਿਖੇ ਧਾਰਾ 22/61/85 ਤਹਿਤ ਮਿਤੀ 27/08/2019 ਨੂੰ ਐਫ.ਆਈ.ਆਰ. ਨੰਬਰ 209 ਦਰਜ ਕਰ ਲਈ ਗਈ ਹੈ। ਪਨੂੰ ਨੇ ਦੱਸਿਆ ਕਿ ਮੈਸਰਜ਼ ਫਰੈਂਡਸ ਮੈਡੀਕਲ ਏਜੰਸੀ, ਫਰੀਦਕੋਟ ਦੇ ਰਿਟੇਲ ਅਤੇ ਥੋਕ ਵਿਕਰੀ ਦੇ ਦੋਵੇਂ ਲਾਇਸੰਸ ਰੱਦ ਕਰ ਦਿੱਤੇ ਗਏ ਹਨ।