ਫਿਰੋਜ਼ਪੁਰ ’ਚ ਵੱਖ-ਵੱਖ ਥਾਵਾਂ ਤੋਂ ਹੈਰੋਇਨ, ਸਵਾ ਲੱਖ ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਸਣੇ 5 ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪੁਲਿਸ ਨੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਹੇਠ ਨਸ਼ਿਆਂ ਵਿਰੁਧ ਮੁਹਿੰਮ ਚਲਾਉਂਦੇ ਹੋਏ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤੇ 5 ਨਸ਼ਾ ਤਸਕਰ

5 smuggler arrest from Ferozepur

ਫਿਰੋਜ਼ਪੁਰ: ਜ਼ਿਲ੍ਹਾ ਪੁਲਿਸ ਨੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਹੇਠ ਨਸ਼ਿਆਂ ਵਿਰੁਧ ਮੁਹਿੰਮ ਚਲਾਉਂਦੇ ਹੋਏ ਵੱਖ-ਵੱਖ ਥਾਵਾਂ ਤੋਂ 5 ਨਸ਼ਾ ਤਸਕਰਾਂ ਨੂੰ 380 ਗ੍ਰਾਮ ਹੈਰੋਇਨ, ਸਵਾ ਲੱਖ ਰੁਪਏ ਡਰੱਗ ਮਨੀ ਅਤੇ 1200 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪਹਿਲਾ ਮਾਮਲਾ ਥਾਣਾ ਲੱਖੋ ਕੇ ਬਹਿਰਾਮ ਦਾ ਹੈ, ਜਿੱਥੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ।

ਥਾਣੇ ਦੇ ਸਬ-ਇੰਸਪੈਕਟਰ ਗੁਰਤੇਜ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਸਿੰਘ ਉਰਫ਼ ਕਿੰਦਾ ਪੁੱਤਰ ਸੁਰਮੁੱਖ ਸਿੰਘ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਅਤੇ ਨਸ਼ਾ ਵੇਚਣ ਲਈ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਪਿੰਡ ਨਵਾਂ ਕਿਲਾ ਕੋਲ ਨਾਕਾਬੰਦੀ ਕਰਕੇ ਕੁਲਵਿੰਦਰ ਸਿੰਘ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਕੋਲੋਂ 100 ਗ੍ਰਾਮ ਹੈਰੋਇਨ ਅਤੇ 1200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।

ਇਸੇ ਥਾਣੇ ਦੀ ਪੁਲਿਸ ਨੇ ਸਬ-ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ 5 ਗ੍ਰਾਮ ਹੈਰੋਇਨ ਸਣੇ ਅੰਗਰੇਜ਼ ਸਿੰਘ ਪੁੱਤਰ ਅਮਰਜੀਤ ਸਿੰਘ ਨੂੰ ਕਾਬੂ ਕੀਤਾ ਹੈ।

ਦੂਜੇ ਪਾਸੇ ਥਾਣਾ ਫਿਰੋਜ਼ਪੁਰ ਸਿਟੀ ਦੀ ਪੁਲਿਸ ਨੇ ਏ.ਐਸ.ਆਈ. ਸੁਖਚੈਨ ਸਿੰਘ ਦੀ ਅਗਵਾਈ ਹੇਠ ਮੋਟਰਸਾਈਕਲ ਸਵਾਰ 2 ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ 265 ਗ੍ਰਾਮ ਹੈਰੋਇਨ, ਇਕ ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਮਿਲ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿਚ ਗਸ਼ਤ ਕਰ ਰਹੇ ਸਨ ਕਿ

ਉਨ੍ਹਾਂ ਨੂੰ ਕੋਠੀ ਸਾਈਆਂ ਵਾਲਾ ਦੀ ਬੈਕ ਸਾਈਡ ’ਤੇ ਬੁਲਟ ਮੋਟਰਸਾਈਕਲ ਉਤੇ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਉਤੇ ਰੋਕ ਲਿਆ। ਦੋਵਾਂ ਦੀ ਤਲਾਸ਼ੀ ਲੈਣ ’ਤੇ 265 ਗ੍ਰਾਮ ਹੈਰੋਇਨ, ਸਵਾ ਲੱਖ ਰੁਪਏ ਦੀ ਡਰੱਗ ਮਨੀ ਤੇ ਇਕ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ ਹੈ। ਦੋਵਾਂ ਵਿਅਕਤੀਆਂ ਦੀ ਸ਼ਨਾਖਤ ਬੂਟਾ ਸਿੰਘ ਉਰਫ਼ ਰਵੀ ਪੁੱਤਰ ਓਮ ਪ੍ਰਕਾਸ਼ ਅਤੇ ਸੁਖਚੈਨ ਸਿੰਘ ਮੰਗਾ ਪੁੱਤਰ ਚਰਨਜੀਤ ਸਿੰਘ ਵਜੋਂ ਹੋਈ ਹੈ।

ਤੀਜਾ ਮਾਮਲਾ ਥਾਣਾ ਕੁਲਗੜ੍ਹੀ ਤੋਂ ਹੈ, ਜਿੱਥੇ ਸਬ-ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ 10 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਅਤੇ ਚੈਕਿੰਗ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ਉਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਵਿਅਕਤੀ ਦੀ ਸ਼ਨਾਖਤ ਬਲਵਿੰਦਰ ਸਿੰਘ ਉਰਫ਼ ਗੋਪੀ ਪੁੱਤਰ ਸਤਨਾਮ ਸਿੰਘ ਵਜੋਂ ਹੋਈ ਹੈ।