ਬ੍ਰਹਮਪੁਰਾ ਨੇ ਆਰੰਭੀ ਵਿਧਾਨ ਸਭਾ ਚੋਣਾਂ ਦੀ ਤਿਆਰੀ, ਕਾਂਗਰਸ ਸਮੇਤ ਬਾਦਲਾਂ ਨੂੰ ਭਾਜ ਦੇਣ ਦਾ ਐਲਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂਝੇ ਦੇ ਦਰਜਨਾਂ ਪਿੰਡਾਂ ਅੰਦਰ ਵਰਕਰਾਂ ਨਾਲ ਕਾਇਮ ਕੀਤਾ ਰਾਬਤਾ

Ranjit Singh Brahmpura

ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਅਪਣੀਆਂ ਚੁਣਾਵੀਆਂ ਗਤੀਵਿਧੀਆਂ ਦੀ ਅਰੰਭਤਾ ਦਿਤੀ ਹੈ। ਇਸੇ ਤਹਿਤ ਅੱਜ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮਾਝੇ ਦੇ ਦਰਜਨਾਂ ਪਿੰਡਾਂ 'ਚ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕਰਦਿਆਂ ਅਪਣੀਆਂ ਭਵਿੱਖੀ ਯੋਜਨਾਵਾਂ ਦਾ ਖਾਕਾ ਤਿਆਰ ਕੀਤਾ। ਪਾਰਟੀ ਪ੍ਰਧਾਨ ਨੇ ਅੱਜ ਇਲਾਕੇ ਦੇ ਪਿੰਡ ਬ੍ਰਹਮਪੁਰਾ, ਮੁੰਡਾਵਿੰਡ, ਚੋਹਲਾ ਸਾਹਿਬ, ਕੰਬੋਹ ਢਾਏ ਵਾਲਾ, ਪੱਖੋਪੁਰਾ, ਕਰਮੂਵਾਲਾ, ਘੜਕਾ, ਚੋਹਲਾ ਖੁਰਦ, ਧੁੰਨ ਢਾਏ ਵਾਲਾ, ਚੰਬਾ ਕਲਾਂ, ਕੌੜੋ ਵਿਧਾਨਾ, ਰਾਣੀਵਲਾਹ, ਸੰਗਤਪੁਰਾ ਆਦਿ ਦਾ ਦੌਰਾ ਕੀਤਾ ਜਿੱਥੇ ਉਹ ਪਾਰਟੀ ਵਰਕਰਾਂ ਨੂੰ ਮਿਲੇ।

ਇਸ ਮੌਕੇ ਪੱਤਰਕਾਰਾਂ ਕੋਲ ਅਪਣੀ ਰਾਏ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਦੌਰਾਨ ਪੰਜਾਬ ਅੰਦਰ ਮਜ਼ਬੂਤ ਤੀਜੇ ਫ਼ਰੰਟ ਦੀ ਸਥਾਪਨਾ ਜ਼ਰੂਰ ਹੋਵੇਗੀ ਜਿਸ ਤੋਂ ਬਾਅਦ ਕਾਂਗਰਸ ਸਮੇਤ ਬਾਦਲਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਮੀਟਿੰਗਾਂ ਦਾ ਸਿਲਸਿਲਾ ਥੋੜ੍ਹਾ ਮੱਠਾ ਜ਼ਰੂਰ ਪਿਆ ਹੈ ਪਰ ਉਹ ਹਲਕੇ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ।

ਆਉਂਦੇ ਦਿਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਸਰਗਰਮੀ ਵਧਾਉਂਦਿਆਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਜਿਨ੍ਹਾਂ ਦੇ ਨਿਪਟਾਰੇ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।  

ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿਤੇ ਹਨ। ਕਈ ਪਰਵਾਰ ਅਜਿਹੇ ਹਨ, ਜੋ ਦੋ ਵਕਤ ਦੀ ਰੋਟੀ ਲਈ ਵੀ ਤਰਸ ਰਹੇ ਹਨ। ਜਦਕਿ ਸਰਕਾਰ ਅਜਿਹੇ ਲੋਕਾਂ ਦੀ ਸਾਰ ਲੈਣ 'ਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ।

ਉਨ੍ਹਾਂ ਕਿਹਾ ਕਿ ਮੁਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਸਰਕਾਰ ਤੋਂ ਪੀੜਤ ਪਰਵਾਰਾਂ ਦੀ ਸਾਰ ਲੈਣ ਅਤੇ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ ਵੀ ਕੀਤੀ। ਪੰਜਾਬ ਬਾਰੇ ਭਵਿੱਖੀ ਵਿਉਂਤਬੰਦੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਲੀਹ 'ਤੇ ਲਿਆਉਣ 'ਚ ਭਾਵੇਂ ਸਮਾਂ ਲੱਗੇਗਾ ਪਰ ਇਕ ਦਿਨ ਇਹ ਪਹਿਲਾਂ ਵਾਂਗ ਸੋਨੇ ਦੀ ਚਿੱਟੀ ਜ਼ਰੂਰ ਬਣੇਗਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਵੱਡੀ ਗਿਣਤੀ ਸਥਾਨਕ ਆਗੂ ਮੌਜੂਦ ਸਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।