ਬੇਕਾਬੂ ਟਿੱਪਰ ਨੇ ਰੇਹੜੀ ਵਾਲਿਆਂ ਨੂੰ ਦਰੜਿਆ; 3 ਲੋਕਾਂ ਦੀ ਮੌਤ ਅਤੇ 6 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਗੰਭੀਰ ਜ਼ਖ਼ਮੀਆਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ

Gurdaspur Accident

 

ਗੁਰਦਾਸਪੁਰ: ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦੇਰ ਰਾਤ ਇਕ ਬੇਕਾਬੂ ਟਿੱਪਰ ਨੇ ਕਈ ਲੋਕਾਂ ਨੂੰ ਕੁਚਲ ਦਿਤਾ। ਇਸ ਦੌਰਾਨ ਦੋ ਦੁਕਾਨਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਮਗਰੋਂ ਤਿੰਨ ਗੰਭੀਰ ਜ਼ਖ਼ਮੀਆਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

 

ਚਸ਼ਮਦੀਦਾਂ ਮੁਤਾਬਕ ਘਟਨਾ ਦੇਰ ਰਾਤ ਵਾਪਰੀ। ਸੜਕ ਦੇ ਕਿਨਾਰੇ ਕਈ ਸਬਜ਼ੀ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ। ਬੇਕਾਬੂ ਟਿੱਪਰ ਨੇ ਪਹਿਲਾਂ ਉਨ੍ਹਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਅਤੇ ਫਿਰ ਸੜਕ ਕਿਨਾਰੇ ਦੋ ਦੁਕਾਨਾਂ ਵਿਚ ਵੜ ਗਿਆ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਨੰਗਲ ਅਤੇ ਕਿਰਨ ਦਾਸ ਵਾਸੀ ਪਰਵਾਸੀ ਮਜ਼ਦੂਰ ਵਜੋਂ ਹੋਈ ਹੈ।

 

ਲੋਕਾਂ ਅਨੁਸਾਰ ਉਕਤ ਟਰਾਲੀ ਚਾਲਕ ਨਸ਼ੇ ਵਿਚ ਸੀ। ਲੋਕਾਂ ਨੇ ਉਕਤ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿਤਾ। ਉਥੇ ਹੀ ਮੌਕੇ 'ਤੇ ਪਹੁੰਚੇ ਐਸ.ਪੀ. ਨਵਜੋਤ ਸਿੰਘ ਨੇ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਟਿੱਪਰ ਚਾਲਕ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।