ਅੰਮ੍ਰਿਤਸਰ ਦੇ ਵਪਾਰੀ ਤੋਂ 5 ਕਿਲੋ ਤੋਂ ਵੱਧ ਸੋਨਾ ਠੱਗਣ ਦੇ ਦੋਸ਼ ’ਚ ਹੈਦਰਾਬਾਦ ਦਾ ਸੁਨਿਆਰਾ ਅਤੇ ਉਸ ਦੇ ਦੋ ਬੇਟੇ ਕਾਬੂ 

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮਾਂ ਕੋਲੋਂ 2.31 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ 36.60 ਕੈਰੇਟ ਦਾ ਹੀਰਾ ਬਰਾਮਦ ਕੀਤਾ ਗਿਆ

Representative Image.

ਹੁਸ਼ਿਆਰਪੁਰ: ਹੁਸ਼ਿਆਰਪੁਰ ਪੁਲਿਸ ਨੇ ਹੈਦਰਾਬਾਦ ਦੇ ਇਕ ਸੁਨਿਆਰੇ ਅਤੇ ਉਸ ਦੇ ਦੋ ਪੁੱਤਰਾਂ ਨੂੰ ਅੰਮ੍ਰਿਤਸਰ ਦੇ ਇਕ ਵਿਅਕਤੀ ਤੋਂ 3 ਕਰੋੜ ਰੁਪਏ ਤੋਂ ਵੱਧ ਕੀਮਤ ਦੇ 5 ਕਿਲੋ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। 

ਮੁਲਜ਼ਮਾਂ ਕੋਲੋਂ 2.31 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ 36.60 ਕੈਰੇਟ ਦਾ ਹੀਰਾ ਬਰਾਮਦ ਕੀਤਾ ਗਿਆ ਹੈ। ਮੁਕੇਰੀਆਂ ਦੇ ਡੀ.ਐਸ.ਪੀ. ਲਲਿਤ ਕੁਮਾਰ ਨੇ ਦਸਿਆ ਕਿ ਮੁਕੇਰੀਆਂ ਸ਼ਹਿਰ ’ਚ ਇਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਰਾਜੀਵ ਵਰਮਾ ਨੇ ਅਪਣੇ ਪੁੱਤਰਾਂ ਰੋਹਨ ਵਰਮਾ ਅਤੇ ਸਯਮ ਵਰਮਾ ਨਾਲ ਮਿਲ ਕੇ ਪਿਛਲੇ ਮਹੀਨੇ ਅੰਮ੍ਰਿਤਸਰ ਦੇ ਕਪਿਲ ਚੌਹਾਨ ਨੂੰ ਅਪਣੀ ਦੁਕਾਨ ’ਤੇ  ਸੋਨੇ ਦੇ ਗਹਿਣੇ ਲਿਆਉਣ ਲਈ ਬੁਲਾਇਆ ਸੀ ਤਾਂ ਜੋ ਕੁੱਝ  ਸੰਭਾਵਤ  ਗਾਹਕਾਂ ਨੂੰ ਵਿਖਾਇਆ ਜਾ ਸਕੇ। 

ਡੀ.ਐਸ.ਪੀ. ਨੇ ਦਸਿਆ ਕਿ ਚੌਹਾਨ ਦਾ ਭਰੋਸਾ ਹਾਸਲ ਕਰਨ ਤੋਂ ਬਾਅਦ, ਮੁਲਜ਼ਮਾਂ ਨੇ ਬਾਅਦ ’ਚ ਆਉਣ ਵਾਲੇ ਗਾਹਕਾਂ ਨੂੰ ਵਿਖਾਉਣ ਦੇ ਬਹਾਨੇ ਕਥਿਤ ਤੌਰ ’ਤੇ  5 ਕਿਲੋ ਤੋਂ ਵੱਧ ਸੋਨੇ ਦੇ ਗਹਿਣੇ ਅਪਣੇ  ਕੋਲ ਰੱਖ ਲਏ। ਹਾਲਾਂਕਿ, ਉਨ੍ਹਾਂ ਨੇ ਨਾ ਤਾਂ ਗਹਿਣੇ ਵਾਪਸ ਕੀਤੇ ਅਤੇ ਨਾ ਹੀ ਚੌਹਾਨ ਨੂੰ ਸੋਨੇ ਲਈ ਪੈਸੇ ਦਿਤੇ, ਜੋ ਕਿ 3.27 ਕਰੋੜ ਰੁਪਏ ਤੋਂ ਵੱਧ ਸੀ ਅਤੇ ਗਾਇਬ ਹੋ ਗਏ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ  27 ਜੁਲਾਈ ਨੂੰ ਮੁਕੇਰੀਆਂ ਥਾਣੇ ’ਚ ਦੋਸ਼ੀ ਵਿਰੁਧ  ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ.  ਦਰਜ ਕੀਤੀ ਗਈ ਸੀ। 

ਡੀ.ਐਸ.ਪੀ. ਨੇ ਦਸਿਆ ਕਿ ਪੁਲਿਸ ਨੇ ਦੋਸ਼ੀ ਨੂੰ ਲੱਭਣ ਲਈ ਤਕਨੀਕੀ ਨਿਗਰਾਨੀ ਅਤੇ ਤਕਨਾਲੋਜੀ ਦੀ ਵਰਤੋਂ ਕੀਤੀ ਅਤੇ ਰਾਜੀਵ ਅਤੇ ਉਸ ਦੇ ਪੁੱਤਰਾਂ ਨੂੰ 24 ਅਗੱਸਤ  ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ। 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਕੋਲੋਂ 2.310 ਕਿਲੋਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ। ਅਧਿਕਾਰੀ ਨੇ ਦਸਿਆ ਕਿ ਬਾਕੀ ਸੋਨੇ ਦੇ ਗਹਿਣਿਆਂ ਨੂੰ ਬਰਾਮਦ ਕਰਨ ਲਈ ਹੋਰ ਪੁੱਛ-ਪੜਤਾਲ  ਕੀਤੀ ਜਾ ਰਹੀ ਹੈ।