ਔਰਤ ਨੂੰ ਜੀਪ ਉਤੇ ਘੁਮਾਉਣ ਅਤੇ ਸ਼ਰੇਰਾਹ ਸੁੱਟਣ ਦੇ ਮਾਮਲੇ ਚ ਹਾਈਕੋਰਟ ਵਲੋਂ ਨੋਟਿਸ ਜਾਰੀ
ਅਮ੍ਰਿਤਸਰ ਜਿਲੇ ਵਿਚ ਇਕ ਔਰਤ ਨੂੰ ਪੰਜਾਬ ਪੁਲਿਸ ਵਲੋਂ ਜੀਪ ਦੀ ਛੱਤ ਉਤੇ ਜਬਰੀ ਬਿਠਾ ਘੁਮਾਉਣ ਅਤੇ ਸਰੇਰਾਹ ਸੁੱਟ ਕੇ ਫੱਟੜ ਕਰ ਦੇਣ ਦਾ ਮਾਮਲਾ ਪੰਜਾਬ ...
ਚੰਡੀਗੜ੍ਹ, 28 ਸਤੰਬਰ, (ਨੀਲ ਭਲਿੰਦਰ ਸਿੰਘ) : ਅਮ੍ਰਿਤਸਰ ਜਿਲੇ ਵਿਚ ਇਕ ਔਰਤ ਨੂੰ ਪੰਜਾਬ ਪੁਲਿਸ ਵਲੋਂ ਜੀਪ ਦੀ ਛੱਤ ਉਤੇ ਜਬਰੀ ਬਿਠਾ ਘੁਮਾਉਣ ਅਤੇ ਸਰੇਰਾਹ ਸੁੱਟ ਕੇ ਫੱਟੜ ਕਰ ਦੇਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ. ਹਾਈਕੋਰਟ ਬੈਂਚ ਨੇ ਪੀੜਤਾ ਦੇ ਸਹੁਰਾ ਬਲਵੰਤ ਸਿੰਘ ਵਲੋਂ ਦਾਇਰ ਪਟੀਸ਼ਨ ਉਤੇ ਪੰਜਾਬ ਸਰਕਾਰ, ਡੀਜੀਪੀ ਅਤੇ ਅਮ੍ਰਿਤਸਰ ਦੇ ਐਸਐਸਪੀ ਨੂੰ ਨੋਟਿਸ ਜਾਰੀ ਦਿੱਤਾ ਹੈ. ਪੀੜਤ ਪਰਵਾਰ ਨੇ ਬੀਤੇ ਕਲ ਇਹ ਪਟੀਸ਼ਨ ਦਾਇਰ ਕਰ ਪੰਜਾਬ ਪੁਲਿਸ ਖਾਸਕਰ ਘਟਨਾ ਲਈ ਜਿੰਮੇਵਾਰ ਪੁਲਿਸ ਅਫਸਰਾਂ ਕੋਲੋਂ ਪੂਰੇ ਪਰਵਾਰ ਦੀ ਜਾਨਮਾਲ ਦੀ ਰਾਖੀ ਮੰਗੀ ਗਈ ਹੈ
ਅਤੇ ਨਾਲ ਹੀ ਇਸ ਘਟਨਾ ਉੱਚ ਪੱਧਰੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ. ਬਗੈਰ ਕਿਸੇ ਮਹਿਲਾ ਪੁਲਿਸ ਅਫਸਰ ਜਾਂ ਕਰਮਚਾਰੀ ਤੋਂ ਪੁਲਿਸ ਵਲੋਂ ਇਕ ਔਰਤ ਨਾਲ ਇੰਨਾਂ ਜਿਆਦਾ ਬਦਸਲੂਕੀ ਪੂਰਨ ਵਿਹਾਰ ਕੀਤੇ ਜਾਣ ਨੂੰ ਇਕ ਔਰਤ ਦੀ ਇਜੱਤ ਨਾਲ ਖਿਲਵਾੜ ਅਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦੇ ਤੁੱਲ ਦਸਿਆ ਗਿਆ ਹੈ. ਐਡਵੋਕੇਟ ਹਰਚਰਨ ਸਿੰਘ ਬਾਠ ਰਾਹੀਂ ਦਾਇਰ ਕੀਤੀ ਗਈ ਇਸ ਪਟੀਸ਼ਨ ਤਹਿਤ ਇਸ ਮਾਮਲੇ ਜਾਂਚ ਲਈ ਇਕ ਆਈਪੀਐਸ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਵਿਸੇਸ ਜਾਂਚ ਟੀਮ ਗਠਿਤ ਕਰਨ ਦੀ ਮੰਗ ਰੱਖੀ ਗਈ ਹੈ.
ਦਸਣਯੋਗ ਹੈ ਕਿ ਬੀਤੇ ਕੱਲ ਅਮ੍ਰਿਤਸਰ ਜਿਲੇ ਦੇ ਪਿੰਡ ਸ਼ਹਿਜ਼ਾਦਾ ਦੀ ਵਸਨੀਕ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੂੰ ਪੁਲੀਸ ਵੱਲੋਂ ਜ਼ਲੀਲ ਕੀਤਾ ਗਿਆ ਅਤੇ ਉਸ ਨੂੰ ਕੁੱਟ ਮਾਰ ਮਗਰੋਂ ਜੀਪ ਦੀ ਛੱਤ ’ਤੇ ਬਿਠਾ ਕੇ ਪੂਰੇ ਪਿੰਡ ’ਚ ਘੁਮਾਇਆ ਗਿਆ। ਇਸ ਮਗਰੋਂ ਪਿੰਡ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਚਵਿੰਡਾ ਦੇਵੀ ਬਾਈਪਾਸ ਮੋੜ ’ਤੇ ਉਸ ਨੂੰ ਜੀਪ ਤੋਂ ਹੇਠਾਂ ਸੁੱਟ ਦਿੱਤਾ ਗਿਆ। ਮਹਿਲਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ । ਇਹ ਸਾਰੀ ਘਟਨਾ ਪਿੰਡ ਅਤੇ ਰਾਹ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੀ ਹੈ।
ਪੀੜਤਾ ਵਲੋਂ ਕਿਹਾ ਗਿਆ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਭੁੱਖ ਹੜਤਾਲ ਕਰਕੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ। ਹਸਪਤਾਲ ’ਚ ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ 22 ਸਤੰਬਰ ਨੂੰ ਅੰਮ੍ਰਿਤਸਰ ਕਰਾਈਮ ਵਿੰਗ ਦੀ ਪੁਲੀਸ ਉਸ ਦੇ ਪਤੀ ਨੂੰ ਜਬਰੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ ਵਿੱਚ ਦਾਖ਼ਲ ਹੋਈ ਸੀ, ਜਿਸ ’ਤੇ ਉਸ ਨੇ ਪਰਿਵਾਰ ਸਮੇਤ ਵਿਰੋਧ ਕੀਤਾ ਤਾਂ ਪੁਲੀਸ ਅਧਿਕਾਰੀਆਂ ਨੇ ਉਸ ਦੀ ਕੁੱਟ ਮਾਰ ਕੀਤੀ ਸੀ। ਇਸ ਸਬੰਧ ਵਿੱਚ ਕੱਥੂਨੰਗਲ ਥਾਣੇ ’ਚ ਲਿਖਤੀ ਤੌਰ ’ਤੇ ਸ਼ਿਕਾਇਤ ਵੀ ਕੀਤੀ ਗਈ ਹੈ।
ਉਸ ਨੇ ਦੱਸਿਆ ਕਿ ਬੀਤੇ ਦਿਨ ਫਿਰ ਅੰਮ੍ਰਿਤਸਰ ਕਰਾਈਮ ਵਿੰਗ ਦੀ ਪੁਲੀਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਉਸ ਦਾ ਪਤੀ ਜਦੋਂ ਘਰ ਨਾ ਮਿਲਿਆ ਤਾਂ ਪੁਲੀਸ ਨੇ ਜਸਵਿੰਦਰ ਕੌਰ ਨੂੰ ਜੀਪ ਦੀ ਛੱਤ ’ਤੇ ਸੁੱਟ ਲਿਆ। ਜਦੋਂ ਮੌਕੇ ’ਤੇ ਪਿੰਡ ਵਾਲੇ ਜਮਾਂ ਹੋ ਗਏ ਤਾਂ ਪੁਲੀਸ ਨੇ ਜੀਪ ਭਜਾ ਲਈ ਅਤੇ ਸਾਰੇ ਪਿੰਡ ਵਿੱਚ ਘੁੰਮਾ ਕੇ ਜ਼ਲੀਲ ਕੀਤਾ।