ਕਿਸਾਨਾਂ ਦੇ ਹੱਕ 'ਚ ਬੋਲੇ ਨਵਜੋਤ ਸਿੰਘ ਸਿੱਧੂ, ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ 'ਤੇ ਚੁੱਕੇ ਸਵਾਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੂੰ ਦਿਤੀ ਚੋਣਾਂ ਲੜਨ ਦੀ ਸਲਾਹ, 60 ਫ਼ੀ ਸਦੀ ਆਬਾਦੀ ਦੇ ਬਾਵਜੂਦ ਕਿਸਾਨ ਸੱਤਾ ਤੋਂ ਦੂਰ ਕਿਉਂ?

Navjot Singh Sidhu

ਧੂਰੀ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਜਾਰੀ ਸੰਘਰਸ਼ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਰ ਪ੍ਰਚੰਡ ਰੁਖ ਅਖਤਿਆਰ ਕਰ ਗਿਆ ਹੈ। ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਪਿੰਡ ਖੜਕਲ ਕਲਾਂ ਵਿਖੇ ਪੰਜਾਬ ਸਰਕਾਰ ਵਲੋਂ ਵਿਸ਼ਾਲ ਇਕੱਠ ਕਰਦਿਆਂ ਕਿਸਾਨੀ ਹੱਕਾਂ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ। ਇਸੇ ਦੌਰਾਨ ਕਾਂਗਰਸ ਤੋਂ ਨਾਰਾਜ਼ ਚਲੇ ਰਹੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ 'ਚ ਮੋਰਚਾ ਖੋਲ੍ਹਦਿਆਂ ਸਰਕਾਰਾਂ ਦੀਆਂ ਕਿਸਾਨ ਵਿਰੋਧ ਨੀਤੀਆਂ 'ਤੇ ਸਵਾਲ ਚੁੱਕੇ ਹਨ।

ਧੂਰੀ ਵਿਖੇ ਕੀਤੀ ਗਈ ਵਿਸ਼ਾਲ ਰੈਲੀ 'ਚ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਸੂਬੇ 'ਚ 60 ਫ਼ੀ ਸਦੀ ਗਿਣਤੀ ਕਿਸਾਨਾਂ ਦੀ ਹੋਣ ਦੇ ਬਾਵਜੂਦ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਖੁਦ ਚੋਣਾਂ ਲੜਣ ਤੇ ਅਪਣੇ ਨੁਮਾਇੰਦੇ ਵਿਧਾਨ ਸਭਾ ਭੇਜਣ ਤਾਂ ਜੋ ਉਨ੍ਹਾਂ ਦੀ ਆਵਾਜ਼ ਨੂੰ ਅਹਿਮੀਅਤ ਮਿਲ ਸਕੇ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਲੜਾਈ 'ਚ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਲਈ ਲੜਣਗੇ।

ਉਨ੍ਹਾਂ ਕਿਹਾ ਕਿ ਸਰਕਾਰਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਹੁੰਦੀਆਂ ਨਾ ਕਿ ਪਿੱਠ ਦਿਖਾਉਣ ਲਈ। ਉਨ੍ਹਾਂ ਕਿਹਾ ਕਿ ਸੂਬੇ 'ਚ ਮੰਡੀਆਂ ਖ਼ਤਮ ਹੋਣ ਨਾਲ ਕਿਸਾਨ ਦਾ ਵਜੂਦ ਮੁੱਕ ਜਾਵੇਗਾ। ਪੰਜਾਬ ਦੇ ਕਿਸਾਨਾਂ ਨੂੰ ਵਰਤ ਕੇ ਸੁੱਟਿਆ ਜਾ ਰਿਹਾ ਹੈ। ਪਹਿਲਾਂ ਦੇਸ਼ ਦੀ ਅੰਨ੍ਹ ਦੀ ਪੂਰਤੀ ਲਈ ਹਰੀ ਕ੍ਰਾਂਤੀ ਦੇ ਨਾਮ 'ਤੇ ਕਿਸਾਨਾਂ ਸਮੇਤ ਪੰਜਾਬ ਦੀ ਜ਼ਮੀਨ ਨੂੰ ਵਰਤਿਆ ਗਿਆ। ਹੁਣ ਜਦੋਂ ਕਿਸਾਨਾਂ ਨੂੰ ਸਹਾਰੇ ਦੀ ਸਖ਼ਤ ਲੋੜ ਹੈ ਤਾਂ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ-ਕਰਮ 'ਤੇ ਛੱਡਿਆ ਜਾ ਰਿਹਾ ਹੈ।

ਕੇਂਦਰ ਦੀ ਭਾਜਪਾ ਸਰਕਾਰ ਨੂੰ ਵੰਗਾਰਦਿਆਂ ਸਿੱਧੂ ਨੇ ਕਿਹਾ ਕੇਂਦਰ ਨੇ ਯੂਜ਼ ਐਂਡ ਥ੍ਰੋ ਦੀ ਨੀਤੀ ਅਪਨਾਈ ਹੈ। ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਗਿਆ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰਾਂ ਨੂੰ ਪੂੰਜੀਪਤੀ ਚਲਾ ਰਹੇ ਹਨ ਜਿਨ੍ਹਾਂ ਦੇ ਇਸ਼ਾਰਿਆਂ 'ਤੇ ਅਜਿਹੇ ਲੋਕ ਮਾਰੂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਵਿਊਂਤਬੰਦੀ ਨਾਲ ਚੱਲਣ ਦੀ ਲੋੜ ਹੈ ਤਾਂ ਜੋ ਸਰਕਾਰਾਂ ਨੂੰ ਟੱਕਰ ਦਿਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਤਕ ਅਸੀਂ ਇਕੱਠੇ ਹਾਂ, ਸਾਨੂੰ ਕੋਈ ਵੀ ਤਾਕਤ ਹਿਲਾ ਨਹੀਂ ਸਕਦੀ।

ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਨਵੇਂ ਖੇਤੀ ਮਾਡਲ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਇਹ ਮਾਡਲ ਯੂਰਪ ਅਤੇ ਅਮਰੀਕਾ 'ਚ ਫੇਲ੍ਹ ਸਾਬਤ ਹੋ ਚੁੱਕਾ ਹੈ ਤਾਂ ਮੋਦੀ ਸਰਕਾਰ ਇੱਥੇ ਕਿਸਾਨਾਂ 'ਤੇ ਧੱਕੇ ਨਾਲ ਕਿਉਂ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੰਡੀਆਂ ਨਹੀਂ ਹਨ, ਉਥੇ ਕਿਸਾਨ ਮਜ਼ਦੂਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੁਜ਼ਦਿਲਾਂ ਤੇ ਕਾਇਰਾਂ ਦੇ ਹੱਥਾਂ 'ਚ ਰਾਜ ਕਦੇ ਵੀ ਜ਼ਿਆਦਾ ਦੇਰ ਤਕ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਸੰਘਰਸ਼ੀ ਧਿਰਾਂ ਨੂੰ ਇਕਜੁਟ ਹੋ ਕੇ ਸਰਕਾਰ ਦੇ ਹਰ ਹਮਲੇ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।