ਸੁਖਬੀਰ ਬਾਦਲ ਦਾ ਅਸਤੀਫ਼ਾ ਨਾ ਪਾਰਟੀ ਨੇ ਮੰਗਿਆ ਤੇ ਨਾ ਹੀ ਅਸਤੀਫ਼ੇ ਦੀ ਲੋੜ : ਡਾ. ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਵੇਂ ਪਾਰਟੀ ਅੱਜ ਸੱਤਾ 'ਚ ਨਹੀਂ ਪਰ 10 ਸਾਲਾਂ ਤਕ ਸੁਖਬੀਰ ਦੀ ਮਿਹਨਤ ਸਦਕਾ ਹੀ ਪੰਜਾਬ 'ਚ ਸਰਕਾਰ ਰਹੀ..........

Daljit Singh Cheema

ਸ੍ਰੀ ਆਨੰਦਪੁਰ ਸਾਹਿਬ : ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਹੈ। ਇਸਲਈ ਨਾ ਤਾਂ ਪਾਰਟੀ ਨੇ ਸੁਖਬੀਰ ਤੋਂ ਅਸਤੀਫ਼ਾ ਮੰਗਿਆ ਤੇ ਨਾ ਹੀ ਉਨ੍ਹਾਂ ਦੇ ਅਸਤੀਫ਼ੇ ਦੀ ਕੋਈ ਜ਼ਰੂਰਤ ਹੈ, ਜੇ ਅੱਜ ਪਾਰਟੀ ਸੱਤਾ ਤੋਂ ਬਾਹਰ ਹੈ ਤਾਂ ਪੰਜਾਬ ਅੰਦਰ ਲਗਾਤਾਰ 10 ਸਾਲਾਂ ਤਕ ਪਹਿਲੀ ਵਾਰ ਜੇਕਰ ਕੋਈ ਸਿਆਸੀ ਜਮਾਤ ਸੱਤਾ 'ਤੇ ਕਾਬਜ਼ ਰਹੀ ਹੈ ਤਾਂ ਉਹ ਇਤਿਹਾਸ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੀ ਸਿਰਜਿਆ ਸੀ”, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ ਦੇ ਨਿਵਾਸ ਸਥਾਨ ਵਿਖੇ ਪਹੁੰਚੇ ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ।

ਡਾ.ਚੀਮਾ ਨੇ ਕਿਹਾ ਕਿ ਇਹ ਸੁਖਬੀਰ ਬਾਦਲ ਦਾ ਵੱਡਾਪਣ ਹੈ ਕਿ ਉਨ੍ਹਾਂ ਅਪਣੇ ਆਪ ਹੀ ਕਿਹਾ ਕਿ ਮੈਨੂੰ ਪਾਰਟੀ ਨੇ ਪ੍ਰਧਾਨਗੀ ਦੀ ਸੇਵਾ ਬਖਸ਼ੀ ਹੈ ਤੇ ਜੇਕਰ ਪਾਰਟੀ ਕਹੇਗੀ ਤਾਂ ਮੈਂ ਅਹੁਦਾ ਛੱਡਣ ਲਈ ਤਿਆਰ ਹਾਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਅਸਤੀਫ਼ਾ ਦੇ ਰਹੇ ਹਾਂ ਜਾਂ ਉਨ੍ਹਾਂ ਤੋਂ ਕਿਸੇ ਨੇ ਅਸਤੀਫ਼ਾ ਮੰਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਦੀ ਅਗਵਾਈ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਅੰਦਰ ਲਗਾਤਾਰ ਦੋ ਵਾਰ ਕਿਸੇ ਪਾਰਟੀ ਦੀ ਸਰਕਾਰ ਬਣੀ ਹੋਵੇ।

ਇਹੀ ਨਹੀਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼ਾਨ ਨਾਲ ਜਿੱਤ ਦਰਜ ਕਰਦਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਹੋਏ ਕੂੜ ਪ੍ਰਚਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ 'ਚੋਂ ਬਾਹਰ ਬਸ਼ੱਕ ਹੋ ਗਿਆ ਪਰ ਵੋਟਾਂ ਦੇ ਅੰਕੜੇ ਜੇਕਰ ਵੇਖੇ ਜਾਣ ਤਾਂ 30 ਫ਼ੀ ਸਦੀ ਤੋਂ ਵੱਧ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੰਜਾਬੀਆਂ ਨੇ ਪਾਈਆਂ ਹਨ,

ਜੇਕਰ ਕਿਸੇ ਨੂੰ ਵਹਿਮ ਹੋਵੇ ਤਾਂ ਅੱਜ ਵੀ ਚੋਣਾਂ ਦੇ ਅੰਕੜੇ ਵੇਖ ਲਵੇ। ਇਸ ਲਈ ਸਿਆਸੀ ਪਾਰਟੀਆਂ 'ਤੇ ਉਤਰਾਅ-ਚੜਾਅ ਆਉਂਦੇ-ਜਾਂਦੇ ਰਹਿੰਦੇ ਹਨ, ਸਾਨੂੰ ਘਬਰਾਉਣਾ ਨਹੀਂ ਬਲਕਿ ਦਲੇਰੀ ਨਾਲ ਪਾਰਟੀ ਦੀ ਮਜ਼ਬੂਤੀ ਵਲ ਵਧਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਹਰਜੀਤ ਸਿੰਘ ਅਚਿੰਤ, ਜਥੇਦਾਰ ਰਾਮ ਸਿੰਘ, ਸੰਦੀਪ ਸਿੰਘ ਕਲੌਤਾ ਆਦਿ ਹਾਜ਼ਰ ਸਨ।