ਨਵੀਂ ਦਿੱਲੀ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਦੁਨੀਆ ਭਰ 'ਚ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਏਅਰ ਇੰਡੀਆ ਨੇ ਆਪਣੇ ਇਕ ਜਹਾਜ਼ ਦੇ ਪਿਛਲੇ ਹਿੱਸੇ 'ਤੇ ੴ ਲਿਖਿਆ ਹੈ। ਇਸ ਦਾ ਮਤਲਬ ਪਰਮਾਤਮਾ ਇਕ ਹੈ। ਜਹਾਜ਼ ਦੇ ਅਗਲੇ ਪਾਸੇ 'ਸ੍ਰੀ ਗੁਰੂ ਨਾਨਕ ਦੇਵ ਜੀ 550ਵਾਂ ਸਾਲਾਨਾ ਸਮਾਗਮ' ਲਿਖਿਆ ਹੋਇਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਦਾ ਅਕਾਲ ਪੁਰਖ ਇਕ ਹੈ ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਦੇ ਇਸ ਸੰਦੇਸ਼ ਦਾ ਪਸਾਰ ਹੁਣ ਏਅਰ ਇੰਡੀਆ ਪੂਰੇ ਸੰਸਾਰ 'ਚ ਕਰ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਫ਼ੇਸਬੁੱਕ ਪੇਜ਼ 'ਤੇ ਏਅਰ ਇੰਡੀਆ ਦੇ ਇਸ ਉਪਰਾਲੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਇਹ ਜਹਾਜ਼ 31 ਅਕਤੂਬਰ ਤੋਂ ਬਾਅਦ ਹਫ਼ਤੇ 'ਚ 3 ਦਿਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਲੰਦਨ ਦੇ ਸਟਾਂਸਟੇਸ ਹਵਾਈ ਅੱਡੇ ਵਿਚਕਾਰ ਉਡਾਨ ਭਰੇਗਾ। ਨਿਊਜ਼ ਏਜੰਸੀ ਮੁਤਾਬਕ ਇਸ 256 ਸੀਟਰ ਡ੍ਰੀਮ ਲਾਈਨਰ ਜਹਾਜ਼ 'ਚ ਮੁਸਾਫ਼ਰਾਂ ਲਈ ਪੰਜਾਬੀ ਭੋਜਨ ਦਾ ਪ੍ਰਬੰਧ ਵੀ ਹੋਵੇਗਾ। ਨਾਲ ਹੀ ਏਅਰ ਇੰਡੀਆ ਨੇ ਘਰੇਲੂ ਰੂਟ 'ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦੋ ਮਹੱਤਵਪੂਰਨ ਥਾਵਾਂ ਅੰਮ੍ਰਿਤਸਰ ਅਤੇ ਪਟਨਾ ਵਿਚਕਾਰ ਵੀ ਸਿੱਧੀ ਉਡਾਨ ਸ਼ੁਰੂ ਕੀਤੀ ਹੈ।