ਹਰਸਿਮਰਤ ਬਾਦਲ ਦਾ ਕੈਪਟਨ ਤੇ ਮੋਦੀ 'ਤੇ ਨਿਸ਼ਾਨਾ, ਦੋਸਤਾਨਾ ਮੈਚ ਖੇਡਣ ਦੇ ਲਾਏ ਦੋਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਧੇ ਵਿੱਤੀ ਭਾਰ ਦੇ ਮੱਦੇਨਜ਼ਰ ਸੂਬਿਆਂ ਦਾ ਹਿੱਸਾ 42 ਤੋਂ ਵਧਾ ਕੇ 52 ਫ਼ੀ ਸਦੀ ਕਰਨ ਦੀ ਮੰਗ

Harsimrat Badal

ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਕੇਂਦਰ ਦੀ ਮੋਦੀ ਸਰਕਾਰ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦਿਆਂ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੁੱਛੇ ਚਾਰ ਸਵਾਲਾਂ ਦੇ ਜਵਾਬ ਦੇਣ ਤੋਂ ਉਹ ਕਿਉ ਭੱਜ ਰਹੇ ਹਨ।

ਅੱਜ ਇਥੇ ਏਮਜ਼ ਵਿਚ ਰੇਡੀਉ ਡਾਇਗਨਾਸਿਸ ਵਿੰਗ ਦੇ ਉਦਘਾਟਨੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਦਲ ਨੇ ਕੇਂਦਰ ਸਰਕਾਰ ਨੂੰ ਸੂਬਿਆਂ 'ਤੇ ਵਧੇ ਹੋਏ ਵਿੱਤੀ ਭਾਰ ਦੇ ਮੱਦੇਨਜ਼ਰ ਸੂਬਿਆਂ ਦਾ ਹਿੱਸਾ 42 ਤੋਂ ਵਧਾ ਕੇ 52 ਫ਼ੀ ਸਦੀ ਕਰਨ ਲਈ ਕਿਹਾ ਹੈ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕੇਂਦਰ ਵਲੋਂ ਪੰਜਾਬ ਵਿਚ ਮਾਲ ਗੱਡੀਆਂ ਮੁੜ ਬੰਦ ਕਰਨ ਬਾਰੇ ਕਿਹਾ ਕਿ ਰੋਸ ਮੁਜ਼ਾਹਰੇ ਕਰ ਰਹੇ ਕਿਸਾਨਾਂ ਨੇ ਮਾਲ ਗੱਡੀਆਂ ਵਾਸਤੇ ਰੇਲ ਲਾਈਨਾਂ ਖਾਲੀ ਕਰ ਦਿਤੀਆਂ ਹਨ ਪਰ ਕੇਂਦਰ ਸਰਕਾਰ ਮਾਲ ਗੱਡੀਆਂ ਦੀ ਸੇਵਾ ਮੁੜ ਸ਼ੁਰੂ ਨਹੀਂ ਕਰ ਰਹੀ ਜਿਸ ਦਾ ਮਤਲਬ ਉਹ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਅਰਥਚਾਰੇ ਨੂੰ ਖੜੋਤ ਵਿਚ ਲਿਆ ਰਹੀ ਹੈ ਤੇ ਇਸ ਨਾਲ ਅਰਥਚਾਰੇ ਦਾ ਵੀ ਨੁਕਸਾਨ ਹੋਇਆ ਹੈ।

ਬਠਿੰਡਾ ਦੇ ਜੋਗਰਜ਼ ਪਾਰਕ ਵਿਚੋਂ ਆਟਾ ਬਰਾਮਦ ਹੋਣ ਦੀਆਂ ਰੀਪੋਰਟਾਂ 'ਤੇ ਟਿਪਣੀ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਘਟਨਾ ਤੋਂ ਪਤਾ ਚਲਦਾ ਹੈ ਕਿ ਸੂਬੇ ਦੇ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਵਿਚ ਹਾਲਾਤ ਕੀ ਹਨ। ਕੇਰਲਾ ਸਰਕਾਰ ਵਲੋਂ ਫਲਾਂ ਤੇ ਸਬਜ਼ੀਆਂ ਲਈ ਐਮ ਐਸ ਪੀ ਤੈਅ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਬੀਬੀ ਬਾਦਲ ਨੇ ਪੰਜਾਬ ਸਰਕਾਰ ਨੂੰ ਸਲਾਹ ਦਿਤੀ ਕਿ ਉਹ ਹੋਰਨਾਂ ਰਾਜਾਂ ਤੋਂ ਸਬਕ ਸਿਖਦਿਆਂ ਕਿਸਾਨ ਪੱਖੀ ਕਦਮ ਚੁੱਕੇ।

ਜੰਮੂ ਕਸ਼ਮੀਰ ਵਿਚ ਬਾਹਰਲੇ ਲੋਕਾਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਦੇਣ ਬਾਰੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਇਹ ਜ਼ਮੀਨ ਖਰੀਦਣ ਦੇ ਹੱਕੇ ਪੰਜਾਬੀਆਂ ਨੂੰ ਗੁਜਰਾਤ ਤੇ ਰਾਜਸਥਾਨ ਵਿਚ ਵੀ ਦਿਤੇ ਜਾਣ ਜੋ ਕਿ ਦਹਾਕਿਆਂ ਤੋਂ ਇਨ੍ਹਾਂ ਵਾਸਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਭ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ।