ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਵੀਡੀਓ ਕਾਨਫਰੰਸਿੰਗ ਰਾਹੀਂ 'ਚ ਪੇਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

Guru Granth Sahib

ਫਤਿਹਗੜ੍ਹ ਸਾਹਿਬ:  ਫਤਿਹਗੜ੍ਹ ਸਾਹਿਬ ਦੇ ਦੋ ਵੱਖ-ਵੱਖ ਪਿੰਡਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਸਹਿਜਵੀਰ ਸਿੰਘ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ 'ਚ ਪੇਸ਼ੀ ਕੀਤੀ ਗਈ । ਮੁਲਜ਼ਮ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਤੀਸਰੀ ਪੇਸ਼ੀ ਸੀ । ਇਸ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ ।

ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ 26 ਅਕਤੂਬਰ ਨੂੰ ਮਾਣਯੋਗ ਅਦਾਲਤ 'ਚ ਦਰਖ਼ਾਸਤ ਦਿੱਤੀ ਸੀ ਅਤੇ ਮਾਨਯੋਗ  ਜੱਜ ਸਾਹਿਬ ਵੱਲੋਂ ਖ਼ੁਦ ਸੀ. ਆਈ. ਏ. ਸਟਾਫ ਜਾ ਕੇ ਦੋਸ਼ੀ ਦੀ ਸਹਿਮਤੀ ਲਈ ਅਤੇ ਪੁਲਿਸ ਵੱਲੋਂ ਕੀਤੇ ਦੀ ਡਿਟੈਕਟਰ ਟੈਸਟ ਕਰਵਾਉਣ ਦੀ ਦਰਖ਼ਾਸਤ ਨੂੰ ਮਨਜ਼ੂਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੁਦਈ ਅਤੇ ਵਕੀਲ ਵੱਲੋਂ ਇਸ ਮਾਮਲੇ 'ਤੇ ਅਸੰਤੁਸ਼ਟੀ ਜਤਾਈ ਗਈ ।

ਐਡਵੋਕੇਟ ਧਾਰਨੀ ਨੇ ਦੋਸ਼ੀ ਦਾ ਸਹੀ ਟੈਸਟ ਕਰਵਾਉਣ ਲਈ 2 ਦਰਖ਼ਾਸਤਾਂ ਅਦਾਲਤ 'ਚ ਮੁਲਜ਼ਮ ਦਾ ਨਾਰਕੋ ਅਨਾਲਸਿਸ ਟੈਸਟ (ਟਰੁੱਥ ਸੀਰਮ) ਅਤੇ ਪੀ-300 ਬ੍ਰੇਨ ਮੈਪਿੰਗ ਟੈਸਟ ਕਰਵਾਉਣ ਦੀ ਦਰਖ਼ਾਸਤ ਪੇਸ਼ ਕੀਤੀਆਂ ਹਨ । ਸ਼੍ਰੀ ਧਾਰਨੀ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਜੱਲ੍ਹਾ ਵਿਖੇ ਪਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਪਸ਼ਚਾਤਾਪ ਵਜੋਂ ਰਖਾਏ ਪਾਠ ਦੇ ਭੋਗ ਦੌਰਾਨ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਮੁਲਜ਼ਮ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ ਸੀ ।

 ਉਸ ਅਖ਼ਬਾਰ ਦੀ ਖ਼ਬਰ ਪੜ੍ਹ ਕੇ ਪੁਲਿਸ ਵੱਲੋਂ ਇਹ ਅੱਧੀ ਅਧੂਰੀ ਦਰਖ਼ਾਸਤ ਅਦਾਲਤ 'ਚ ਦੇ ਕੇ ਮਨਜ਼ੂਰ ਕਰਵਾ ਲਈ ਪਰ ਮੁਦੱਈਆਂ ਦੇ ਵਕੀਲ ਹਰਸ਼ਵਿੰਦਰ ਸਿੰਘ ਚੀਮਾਂ ਅਤੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੱਲੋਂ ਇਸ ਦਰਖ਼ਾਸਤ 'ਤੇ ਇਤਰਾਜ਼ ਜਤਾਇਆ ਗਿਆ ਕਿਉਂਕਿ ਉਸ ਦੋਸ਼ੀ ਦਾ ਸੈਂਟੇਫਿਕ (ਮਨੋ-ਵਿਗਿਆਨ) ਤਰੀਕੇ ਨਾਲ ਟੈਸਟ ਹੋਣਾ ਚਾਹੀਦਾ ਹੈ । ਇਸੇ ਕਰਕੇ ਉਨ੍ਹਾਂ ਵੱਲੋਂ ਦੋ ਦਰਖ਼ਾਸਤਾਂ ਮਾਣਯੋਗ ਅਦਾਲਤ 'ਚ ਪੇਸ਼ ਕੀਤੀਆਂ ਗਈਆਂ ਹਨ ।

ਉਨ੍ਹਾਂ ਕਿਹਾ ਕਿ ਦੋਸ਼ੀ ਤੋਂ ਪੁਲਿਸ ਵੱਲੋਂ ਅਜੇ ਤਕ ਕੋਈ ਸੱਚਾਈ ਨਹੀਂ ਸਾਹਮਣੇ ਨਹੀਂ ਆਈ । ਜਿਸ 'ਤੇ ਸ਼ੱਕ ਜ਼ਾਹਰ ਹੁੰਦਾ ਹੈ ਕਿ ਇਸ ਕੇਸ 'ਚ ਪੁਲਿਸ ਅਤੇ ਸਰਕਾਰ ਕਿਸੇ ਦਬਾਅ ਹੇਠ ਕੰਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜੋ ਪੁਲਿਸ ਵੱਲੋਂ ਲਾਈ ਡਿਟੈਕਟਰ ਟੈਸਟ ਦੀ ਦਰਖ਼ਾਸਤ  ਅਦਾਲਤ 'ਚ ਦਿੱਤੀ ਗਈ ਸੀ , ਉਹ 26 ਅਕਤੂਬਰ ਨੂੰ ਮੁਦਈ ਧਿਰਾਂ ਦੇ ਵਕੀਲਾਂ ਦੀ ਬਿਨਾਂ ਸਲਾਹ ਤੋਂ ਦਿੱਤੀ ਗਈ ਹੇ ।

ਦੱਸਿਆ ਜਾਂਦਾ  ਹੈ ਕਿ ਉਥੇ ਹੀ ਦੂਜੇ ਪਾਸੇ ਐੱਸ. ਜੀ. ਪੀ. ਸੀ. ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਵੱਲੋਂ ਕਿਹਾ ਗਿਆ ਹੈ ਕਿ ਐੱਸ. ਜੀ. ਪੀ. ਸੀ. ਵੱਲੋਂ ਦੋਸ਼ੀ ਖ਼ਿਲਾਫ਼ ਹਰ ਤਰ੍ਹਾਂ ਦੇ ਕੇਸ ਲੜਨ ਦਾ ਖ਼ਰਚ ਐੱਸ. ਜੀ. ਪੀ. ਸੀ. ਚੁੱਕੇਗੀ । ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਇਕ ਨੌਜਵਾਨ ਨੇ ਪਿੰਡ ਤਰਖਾਣ ਮਾਜਰਾ ਅਤੇ ਜੱਲਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ , ਜਿਸ ਦਾ ਕੇਸ ਲੜਨ ਤੋਂ ਵਕੀਲ ਭਾਈਚਾਰੇ ਵੱਲੋਂ ਸਾਫ਼ ਤੌਰ 'ਤੇ ਇਨਕਾਰ ਕੀਤਾ ਗਿਆ ਸੀ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ 2 ਥਾਵਾਂ 'ਤੇ ਬੇਅਦਬੀ ਮਾਮਲਿਆਂ ਤੋਂ ਬਾਅਦ ਪਟਿਆਲਾ ਪੁਲਿਸ ਨੇ ਧਾਰਮਿਕ ਸਥਾਨਾਂ ਦੀ ਚੌਕਸੀ ਵਧਾ ਦਿੱਤੀ ਹੈ। ਪਿੰਡ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਪੁਲਿਸ ਨੇ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਧਾਰਮਿਕ ਸਥਾਨ ਦੀ ਚੌਕਸੀ ਵਧਾਈ ਜਾ ਸਕੇ।