ਰੇਤ ਨਾਲ ਭਰੇ ਟਿੱਪਰ ਨੇ ਮਾਰੀ ਟਰੈਕਟਰ ਨੂੰ ਟੱਕਰ, ਨੌਜਵਾਨ ਦੀ ਮੌਕੇ 'ਤੇ ਹੋਈ ਮੌਤ
ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਵਜੋਂ ਹੋਈ ਹੈ।
ਗੜ੍ਹਸ਼ੰਕਰ : ਭਾਵੇਂ ਕੀ ਤੇਜ਼ ਰਫ਼ਤਾਰ ਵਾਹਨਾਂ ਨੇ ਆਵਾਜਾਈ ਸੁਖਾਲੀ ਬਣਾ ਦਿੱਤੀ ਹੈ ਪਰ ਇਸ ਨਾਲ ਸੜਕੀ ਹਾਦਸਿਆਂ ਵਿਚ ਵੀ ਇਜਾਫਾ ਹੋਇਆ ਹੈ ਤਾਜ਼ਾ ਜਾਣਕਾਰੀ ਗੜ੍ਹਸ਼ੰਕਰ ਤੋਂ ਹੈ ਜਿਥੇ ਰੇਤ ਨਾਲ ਭਰੇ ਇਕ ਟਿੱਪਰ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਇਹ ਹਾਦਸਾ ਨੰਗਲ ਰੋਡ ’ਤੇ ਅੱਜ ਸਵੇਰੇ ਵਾਪਰਿਆ। ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਧੰਜਲ ਜ਼ਿਲ੍ਹਾ ਕਪੂਰਥਲਾ ਰਾਹੋਂ ਤੋਂ ਆਪਣੇ ਟਰੈਕਟਰ ਟਰਾਲੀ ਰਾਹੀਂ ਪਰਾਲੀ ਲੈ ਕੇ ਹਿਮਾਚਲ ਵਾਲੇ ਪਾਸੇ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਗੜ੍ਹਸ਼ੰਕਰ ਨੰਗਲ ਰੋੜ ’ਤੇ ਸਥਿਤ ਪਿੰਡ-ਸ਼ਾਹਪੁਰ ਨੇੜੇ ਪਹੁੰਚਿਆ ਤਾਂ ਉਥੇ ਪੰਜਾਬੀ ਢਾਬੇ ਤੋਂ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੜ੍ਹੀ ਮੱਟੋ ਟਰੈਕਟਰ ’ਤੇ ਚੜ੍ਹ ਗਿਆ। ਇਸ ਦੌਰਾਨ ਨੰਗਲ ਵਾਲੇ ਪਾਸਿਉਂ ਤੇਜ਼ ਰਫਤਾਰ ਰੇਤ ਨਾਲ ਭਰੇ ਟਿੱਪਰ ਨੇ ਪਹਿਲਾਂ ਦੁੱਧ ਲੈ ਕੇ ਜਾ ਰਹੇ ਛੋਟੇ ਹਾਥੀ ਨੂੰ ਟੱਕਰ ਮਾਰੀ ਫਿਰ ਟਰਾਲੀ ਨਾਲ ਟਕਰਾ ਗਿਆ।
ਇਸ ਟੱਕਰ ਵਿਚ ਟਰਾਲੀ ਸਵਾਰ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਛੋਟਾ ਹਾਥੀ ਤੇ ਟਰੈਕਟਰ ਟਰਾਲੀ ਨੁਕਸਾਨੀਆਂ ਗਈਆਂ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਗੜ੍ਹਸ਼ੰਕਰ ਦੇ ASIਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਟਿੱਪਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।