ਭੈਣਾਂ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਦੋਸ਼ੀ ਦਾ ਗੈਂਗਸਟਰ ਤੋਂ ਕਰਵਾਇਆ ਕਤਲ
ਪਿੰਡ ਮਾਨੂਕੇ ਗਿੱਲ ਨਿਵਾਸੀ ਰਜਿੰਦਰ ਕੁਮਾਰ ਉਰਫ਼ ਗੋਗਾ (47) ਦਾ 14 ਦਸੰਬਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਪੁਲਿਸ...
ਮੋਗਾ (ਸਸਸ) : ਪਿੰਡ ਮਾਨੂਕੇ ਗਿੱਲ ਨਿਵਾਸੀ ਰਜਿੰਦਰ ਕੁਮਾਰ ਉਰਫ਼ ਗੋਗਾ (47) ਦਾ 14 ਦਸੰਬਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਦਾ ਦਾਅਵਾ ਹੈ ਕਿ ਸਾਬਕਾ ਅਕਾਲੀ ਸਰਪੰਚ ਬੇਅੰਤ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਉਸ ਦੀਆਂ ਦੋ ਭੈਣਾਂ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨਾਲ ਸੰਪਰਕ ਕਰ ਕੇ ਰਜਿੰਦਰ ਕੁਮਾਰ ਉਰਫ਼ ਗੋਗਾ ਦਾ ਕਤਲ ਕਰਵਾਇਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਦੋਵਾਂ ਭੈਣਾਂ, ਬੁੱਢਾ ਸਮੇਤ ਸੱਤ ਲੋਕਾਂ ਨੂੰ ਨਾਮਜ਼ਦ ਕਰਨ ਦੇ ਨਾਲ ਹੀ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸ਼ੀਆਂ ਵਿਚ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਵੀ ਸ਼ਾਮਿਲ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ 5 ਅਪ੍ਰੈਲ 2017 ਨੂੰ ਪਿੰਡ ਮਾਨੂਕੇ ਗਿੱਲ ਨਿਵਾਸੀ ਅਕਾਲੀ ਸਰਪੰਚ ਬੇਅੰਤ ਸਿੰਘ ਦੇ ਦੋਸਤਾਂ ਕੁਲਦੀਪ ਸਿੰਘ ਉਰਫ਼ ਕੀਪਾ ਅਤੇ ਰਜਿੰਦਰ ਸਿੰਘ ਗੋਗਾ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਦੋਵਾਂ ਦੋਸ਼ੀਆਂ ਦੇ ਵਿਰੁਧ ਕਤਲ ਦਾ ਕੇਸ ਦਰਜ ਕੀਤਾ ਸੀ
ਪਰ 14 ਨਵੰਬਰ ਨੂੰ ਅਦਾਲਤ ਵਿਚ ਕੇਸ ਦੀ ਸੁਣਵਾਈ ਦੇ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਨੇ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਦੋਸ਼ੀ ਕੁਲਦੀਪ ਸਿੰਘ ਕੀਪਾ ਨੂੰ 20 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਸੀ, ਜਦੋਂ ਕਿ ਦੂਜੇ ਦੋਸ਼ੀ ਰਜਿੰਦਰ ਕੁਮਾਰ ਉਰਫ਼ ਗੋਗਾ ਨਿਵਾਸੀ ਮਾਨੂਕੇ ਗਿੱਲ ਨੂੰ ਸਬੂਤਾਂ ਦੀ ਅਣਹੋਂਦ ਵਿਚ ਬਰੀ ਕਰਨ ਦੇ ਹੁਕਮ ਦਿਤੇ ਸਨ।
ਰਜਿੰਦਰ ਕੁਮਾਰ ਗੋਗਾ ਦੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਬੇਅੰਤ ਸਿੰਘ ਦੀਆਂ ਭੈਣਾਂ ਸੁਖਬੀਰ ਕੌਰ ਅਤੇ ਵੀਰਪਾਲ ਕੌਰ ਵਲੋਂ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੇ ਨਾਲ ਸੰਪਰਕ ਕਰਕੇ ਰਜਿੰਦਰ ਕੁਮਾਰ ਗੋਗਾ ਦਾ ਕਤਲ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਬੁੱਢੇ ਦੇ ਸਾਥੀਆਂ ਵਲੋਂ ਲਗਾਤਾਰ ਇਕ ਮਹੀਨੇ ਤੱਕ ਰਜਿੰਦਰ ਕੁਮਾਰ ਗੋਗਾ ਉਤੇ ਨਜ਼ਰ ਰੱਖੀ ਜਾਣ ਲੱਗੀ। 14 ਦਸੰਬਰ ਦੀ ਸ਼ਾਮ ਨੂੰ ਪਿੰਡ ਮਾਨੂਕੇ ਨਿਵਾਸੀ ਜਗਸੀਰ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ ਮੋਟਰਸਾਈਕਲ ਉਤੇ ਆਏ ਅਤੇ ਦੋਵਾਂ ਨੇ ਦਸ ਗੋਲੀਆਂ ਮਾਰ ਕੇ ਰਜਿੰਦਰ ਕੁਮਾਰ ਦਾ ਕਤਲ ਕਰ ਦਿਤਾ ਸੀ।
ਪੁਲਿਸ ਵਲੋਂ ਕਤਲ ਕਾਂਡ ਦੀ ਤੇਜ਼ੀ ਨਾਲ ਕੀਤੀ ਜਾ ਰਹੀ ਜਾਂਚ ਦੌਰਾਨ ਕੁੱਝ ਤੱਥ ਸਾਹਮਣੇ ਆਏ ਹਨ। ਤੱਥਾਂ ਦੇ ਆਧਾਰ ਉਤੇ ਸੁਖਪ੍ਰੀਤ ਸਿੰਘ ਬੁੱਢਾ ਤੋਂ ਇਲਾਵਾ ਬੇਅੰਤ ਸਿੰਘ ਦੀਆਂ ਦੋਵੇਂ ਭੈਣਾਂ, ਜਗਸੀਰ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ, ਹਰਪ੍ਰੀਤ ਸਿੰਘ ਕਿੰਗ ਅਤੇ ਜਗਸੀਰ ਸਿੰਘ ਨੂੰ ਰਜਿੰਦਰ ਕੁਮਾਰ ਗੋਗਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ।
ਉੱਥੇ ਹੀ ਪੁਲਿਸ ਵਲੋਂ ਪਿੰਡ ਮਾਨੂਕੇ ਗਿੱਲ ਨਿਵਾਸੀ ਹਰਪ੍ਰੀਤ ਸਿੰਘ ਕਿੰਗ ਅਤੇ ਜਗਸੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹਾਲਾਂਕਿ ਪੰਜ ਦੋਸ਼ੀਆਂ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ, ਜਗਸੀਰ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ, ਬੇਅੰਤ ਸਿੰਘ ਦੀਆਂ ਦੋ ਭੈਣਾਂ ਸੁਖਬੀਰ ਕੌਰ ਅਤੇ ਵੀਰਪਾਲ ਕੌਰ ਦੀ ਭਾਲ ਵਿਚ ਪੁਲਿਸ ਪਾਰਟੀਆਂ ਵਲੋਂ ਰੇਡ ਕੀਤੀ ਜਾ ਰਹੀ ਹੈ।