ਕਦੇ ਸੋਕਾ ਤੇ ਕਦੇ ਡੋਬਾ ਵਾਲੀ ਸਥਿਤੀ ਨਾਲ ਦੋ-ਚਾਰ ਹੋ ਰਿਹੈ ਬੱਸ-ਕਾਰੋਬਾਰ, ਮੁਸਾਫ਼ਰਾਂ ਦੀ ਗਿਣਤੀ ਘਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਾੜੀ ਇਲਾਕਿਆਂ ਵਿਚ ਬਰਫਬਾਰੀ ਅਤੇ ਦਿੱਲੀ ਧਰਨੇ ਦਾ ਵੀ ਮੁਸਾਫ਼ਰਾਂ ਦੀ ਗਿਣਤੀ ’ਤੇ ਪੈ ਰਿਹਾ ਖ਼ਾਸ ਅਸਰ

Bus Transport

ਚੰਡੀਗੜ੍ਹ : ਕਰੋਨਾ ਕਾਲ ਦੇ ਝੰਬੇ ਬੱਸ ਕਾਰੋਬਾਰ ’ਤੇ ਇਕ ਵਾਰ ਫਿਰ ਮੰਦੀ ਦੀ ਮਾਰ ਪੈ ਗਈ ਹੈ। ਕਰੋਨਾ ਕਾਲ ਤੋਂ ਬਾਅਦ ਲੰਬੀ ਉਡੀਕ ਬਾਅਦ ਪੈਰਾਂ ਸਿਰ ਹੋਈ ਮੁਸਾਫ਼ਰਾਂ ਦੀ ਗਿਣਤੀ ਨੂੰ ਹੁਣ ਠੰਡ ਕਾਰਨ ਘਟਣ ਲੱਗੀ ਹੈ। ਕੁੱਝ ਦਿਨ ਪਹਿਲਾਂ ਤਕ ਭਰ ਕੇ ਚੱਲਣ ਵਾਲੀਆਂ ਬੱਸਾਂ ’ਚ ਮੁਸਾਫ਼ਰਾਂ ਦੀ ਗਿਣਤੀ ’ਚ 50 ਫ਼ੀ ਸਦੀ ਤਕ ਦੀ ਗਿਰਾਵਟ ਆ ਗਈ ਹੈ। ਇਸ ਕਾਰਨ ਪ੍ਰਾਈਵੇਟ ਬੱਸ ਮਾਲਕ ਤੋਂ ਇਲਾਵਾ ਪੰਜਾਬ ਰੋਡਵੇਜ਼ ਦੇ ਅਧਿਕਾਰੀ ਵੀ ਚਿੰਤਤ ਹਨ। 

ਦੱਸਣਯੋਗ ਹੈ ਕਿ ਕਰੋਨਾ ਕਾਲ ਦੌਰਾਨ ਬੱਸ ਸਨਅਤ ’ਚ ਪੂਰਨ ਖੜੋਤ ਆ ਗਈ ਸੀ। ਇਸ ਤੋਂ ਬਾਅਦ ਸਮਰੱਥਾ ਤੋਂ ਅੱਧੇ ਮੁਸਾਫ਼ਰ ਬਿਠਾਉਣ ਨਾਲ ਬੱਸਾਂ ਚਲਾਉਣ ਦੀ ਇਜ਼ਾਜਤ ਮਿਲੀ। ਪਹਿਲਾਂ-ਪਹਿਲ ਲੋਕ ਵੀ ਬੱਸਾਂ ’ਚ ਚੜ੍ਹਨ ਤੋਂ ਕੰਨੀ ਕਤਰਾਉਣ ਲੱਗ ਪਏ ਸਨ ਜਿਸ ਕਾਰਨ ਕਾਫ਼ੀ ਸਮਾਂ ਬੱਸਾਂ ਨੂੰ ਖਾਲੀ ਵੀ ਚਲਾਉਣਾ ਪਿਆ ਸੀ। ਹੁਣ ਪਿਛਲੇ ਦਿਨਾਂ ਦੌਰਾਨ ਬੱਸਾਂ ’ਚ ਮੁਸਾਫ਼ਰਾਂ ਦੀ ਭੀੜ ਵੇਖਣ ਨੂੰ ਮਿਲੀ ਜੋ ਹੁਣ ਸੀਤ ਲਹਿਰ ਦੇ ਜ਼ੋਰ ਫੜ ਜਾਣ ਕਾਰਨ ਇਕ ਵਾਰ ਫਿਰ ਅੱਧੇ ਤੋਂ ਵੱਧ ਤਕ ਥੱਲੇ ਆ ਗਈ ਹੈ।

ਕਿਸਾਨੀ ਸੰਘਰਸ਼ ਕਾਰਨ ਦਿੱਲੀ ਵੱਲ ਨੂੰ ਜਾਂਦੀਆਂ ਬੱਸਾਂ ਬੰਦ ਹੋਣ ਕਾਰਨ ਵੀ ਰੋੜਵੇਜ਼ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਪਹਾੜੀ ਇਲਾਕਿਆਂ ਵਿਚ ਪੈ ਰਹੀ ਬਰਫ਼ਬਾਰੀ ਕਾਰਨ ਵੀ ਹਿਮਾਚਲ ਪ੍ਰਦੇਸ਼ ਸਮੇਤ ਜੰਮੂ ਕਸ਼ਮੀਰ ਵੱਲ ਚੱਲਣ ਵਾਲੀਆਂ ਬੱਸਾਂ ’ਚ ਮੁਸਾਫ਼ਰਾਂ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ। ਆਉਣ ਵਾਲੇ ਦਿਨਾਂ ’ਚ ਜੇ ਤਾਪਮਾਨ ਇਸੇ ਤਰ੍ਹਾਂ ਰਹਿੰਦਾ ਹੈ ਤਾਂ ਹੋਰ ਨੁਕਸਾਨ ਉਠਾਉਣਾ ਪਵੇਗਾ। 

ਇਸ ਸਿਲਸਿਲੇ ’ਚ ਹਿਮਾਚਲ ਤੋਂ ਇਲਾਵਾ ਉੱੁਤਰਾਖੰਡ ਦਾ ਰੂਟ ਵੀ ਖਾਲੀ ਜਾ ਰਿਹਾ ਹੈ, ਜਦੋਂਕਿ ਯੂ. ਪੀ. ਲਈ ਵੀ ਜ਼ਿਆਦਾ ਮੁਸਾਫਰ ਨਹੀਂ ਦੇਖੇ ਜਾ ਰਹੇ। ਪੰਜਾਬ ਆਉਣ ਵਾਲੀਆਂ ਰਾਜਸਥਾਨ ਦੀਆਂ ਬੱਸਾਂ ਵੀ ਦਿਖਾਈ ਨਹੀਂ ਦੇ ਰਹੀਆਂ, ਜਦੋਕਿ ਹਰਿਆਣਾ ਵਲੋਂ ਵੀ ਪੰਜਾਬ ’ਚ ਬੱਸਾਂ ਦੀ ਗਿਣਤੀ ਘੱਟ ਕੀਤੀ ਜਾ ਚੁੱਕੀ ਹੈ। ਦੇਖਿਆ ਜਾ ਰਿਹਾ ਹੈ ਕਿ ਸਿਰਫ਼ ਜ਼ਰੂਰੀ ਕੰਮ ਕਾਰਣ ਜਾਣ ਵਾਲੇ ਲੋਕ ਹੀ ਸਫਰ ਕਰਨ ਨੂੰ ਮਜਬੂਰ ਹਨ। ਕਈ ਲੋਕਲ ਟਰਾਂਸਪੋਰਟਰਜ਼ ਦੀਆਂ ਬੱਸਾਂ ਦੀ ਗਿਣਤੀ ਘੱਟ ਕੀਤੀ ਗਈ ਹੈ ਪਰ ਜੋ ਬੱਸਾਂ ਚੱਲੀਆਂ, ਉਨ੍ਹਾਂ ਨੂੰ ਦੁਪਹਿਰ ਵੇਲੇ ਕਾਫੀ ਰਿਸਪਾਂਸ ਦੇਖਣ ਨੂੰ ਮਿਲਿਆ। 

ਚੰਡੀਗੜ੍ਹ ਰੂਟ ’ਤੇ ਵੀ ਅੱਜ ਠੰਡ ਦਾ ਅਸਰ ਦੇਖਣ ਨੂੰ ਮਿਲਆ। ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਛੁੱਟੀ ਹੋਣ ਕਾਰਣ ਚੰਡੀਗੜ੍ਹ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਘੱਟ ਰਹਿੰਦੀ ਹੈ, ਜਦੋਂਕਿ ਸੋਮਵਾਰ ਨੂੰ ਵਰਕਿੰਗ ਡੇਅ ’ਤੇ ਚੰਡੀਗੜ੍ਹ ’ਚ ਮੁੜ ਤੇਜ਼ੀ ਆਵੇਗੀ। ਡੇਲੀ ਪੈਸੰਜਰਸ ਨੂੰ ਵੀ ਸੋਮਵਾਰ ਤੋਂ ਮੁੜ ਬੱਸਾਂ ’ਚ ਦੇਖਿਆ ਜਾ ਸਕੇਗਾ ਜਦੋਂਕਿ ਸ਼ੁੱਕਰਵਾਰ ਤੋਂ ਐਤਵਾਰ ਤੱਕ ਛੁੱਟੀਆਂ ਕਾਰਣ ਡੇਲੀ ਪੈਸੰਜਰਜ਼ ਦੀ ਗਿਣਤੀ ਨਾ ਦੇ ਬਰਾਬਰ ਰਹਿ ਗਈ ਸੀ।