ਐਨਆਰਆਈ ਲੋਕਾਂ ਦੇ ਪੈਸੇ ਡਕਾਰਨ ਵਾਲੀ ‘ਆਪ’ ਦੇ ਹੁਣ ਪੰਜਾਬ ‘ਚ ਪੈਰ ਲੱਗਣੇ ਮੁਸ਼ਕਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਮਸ਼ਹੂਰ ਪੰਜਾਬ ਫ਼ਿਲਮ ਅਦਾਕਾਰ ਅਤੇ ਗਾਇਕ ਜੱਸੀ ਜਸਰਾਜ ਨੇ ਸਪੋਕਸਮੈਨ ਟੀਵੀ ‘ਤੇ ਗੱਲਬਾਤ ਕਰਦੇ ‘ਆਪ’ ਤੋਂ ਅਸਤੀਫ਼ਾ...

Interview of Jassi Jasraj on Spokesman tv

ਚੰਡੀਗੜ੍ਹ : ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਮਸ਼ਹੂਰ ਪੰਜਾਬ ਫ਼ਿਲਮ ਅਦਾਕਾਰ ਅਤੇ ਗਾਇਕ ਜੱਸੀ ਜਸਰਾਜ ਨੇ ਸਪੋਕਸਮੈਨ ਟੀਵੀ ‘ਤੇ ਗੱਲਬਾਤ ਕਰਦੇ ‘ਆਪ’ ਤੋਂ ਅਸਤੀਫ਼ਾ ਦੇਣ ਦੇ ਕਾਰਨਾਂ ਦਾ ਖ਼ਲਾਸਾ ਕਰਦੇ ਹੋਏ ਦੱਸਿਆ ਕਿ ਪਾਰਟੀ ਵਿਚ ਸੁਣਵਾਈ ਨਹੀਂ ਹੈ ਅਤੇ ਪਾਰਟੀ ਅਪਣੇ ਪੈਰ ਛੱਡ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਪਤਨ ਵਾਲੇ ਪਾਸੇ ਜਾ ਰਹੀ ਹੈ। ਪਾਰਟੀ ਨੂੰ ਬੈਠ ਕੇ ਇਸ ਵਿਸ਼ੇ ‘ਤੇ ਚਰਚਾ ਕਰਨੀ ਚਾਹੀਦੀ ਸੀ ਕਿ ਆਖ਼ਿਰ ਕਿਉਂ ਲੋਕ ਉਨ੍ਹਾਂ ਤੋਂ ਦੂਰ ਜਾ ਰਹੇ ਹਨ ਪਰ ਪਾਰਟੀ ਵਲੋਂ ਫਿਰ ਵੀ ਅਜਿਹਾ ਨਹੀਂ ਕੀਤਾ ਗਿਆ।  

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬਿਨ੍ਹਾਂ ਕਿਸੇ ਨੂੰ ਪੁੱਛੇ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗੀ ਅਤੇ ਪਾਰਟੀ ਵਿਚ ਜਿਹੜਾ ਵੀ ਉਨ੍ਹਾਂ ਦੇ ਉਲਟ ਆਵਾਜ਼ ਚੁੱਕਦਾ ਹੈ ਉਸ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿਤਾ ਜਾਂਦਾ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਹੁਣ ਅਸੀਂ ਇਕ ਗਦਰ ਫੈਡਰੇਸ਼ਨ ਬਣਾਈ ਹੈ ਜਿਸ ਵਿਚ ਮੈਂ ਖ਼ੁਦ ਇਕ ਵਲੰਟੀਅਰ ਹਾਂ। ਇੱਥੇ ਮੇਰੀ ਡਿਊਟੀ ਇਹ ਹੈ ਕਿ ਚੰਗੇ ਲੋਕਾਂ ਨੂੰ ਇਕੱਠੇ ਕਰਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਦੇ ਕੀ ਏਜੰਡੇ ਹਨ।

ਇਸ ਦੌਰਾਨ ਜੱਸੀ ਜਸਰਾਜ ਨੇ ਅਨੰਦਪੁਰ ਸਾਹਿਬ ਤੋਂ ਗਦਰ ਫੈਡਰੇਸ਼ਨ ਵਲੋਂ ਚੋਣ ਲੜਨ ਦਾ ਇਸ਼ਾਰਾ ਦਿੰਦੇ ਹੋਏ ਕਿਹਾ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਜ਼ਰੂਰ ਜਾਣਗੇ ਅਤੇ ਉੱਥੋਂ ਜੋ ਸੰਕੇਤ ਮਿਲੇਗਾ ਉਹ ਉਸ ਤਰ੍ਹਾਂ ਹੀ ਕਰਨਗੇ। ਲਾਈਵ ਪ੍ਰੈਸ ਕਾਨਫਰੰਸ ਦੌਰਾਨ ਜੱਸੀ ਵਲੋਂ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਚੋਣਾਂ ਦੌਰਾਨ ਬਠਿੰਡਾ ਵਿਚ ਦੌਰਾ ਨਾ ਕਰਨ ਦੀ ਗੱਲ ‘ਤੇ ਇਸ ਦੇ ਕਾਰਨ ਬਾਰੇ ਦੱਸਦੇ ਹੋਏ ਕਿਹਾ ਕਿ ਪੰਜਾਬ ਦਾ ਮੋਦੀ ਬਾਦਲ ਸੀ

ਇਸ ਲਈ ਜੇਕਰ ਕੇਜਰੀਵਾਲ ਨੂੰ ਵਾਰਾਨਸੀ ਵਿਚ ਨਰਿੰਦਰ ਮੋਦੀ ਦੇ ਵਿਰੁਧ ਚੋਣ ਲੜਨਾ ਨਹੀਂ ਭੁੱਲ ਸਕਿਆ ਤਾਂ ਫਿਰ ਪੰਜਾਬ ਵਿਚ ਕਿਉਂ ਭੁੱਲ ਗਏ। ਇਸ ਦਾ ਕਾਰਨ ਮਨਪ੍ਰੀਤ ਬਾਦਲ ਨਾਲ ਨੇੜਤਾ ਹੈ ਜਾਂ ਕੋਈ ਹੋਰ। ਇਸ ਦਾ ਜਵਾਬ ਤਾਂ ਉਹ ਖ਼ਦ ਹੀ ਦੇ ਸਕਦੇ ਹਨ। ਐਨਆਰਆਈ ਪੰਜਾਬੀਆਂ ਵਲੋਂ ਫੰਡਿਗ ਨੂੰ ਲੈ ਕੇ ਖ਼ਲਾਸਾ ਕਰਦੇ ਹੋਏ ਦੱਸਿਆ ਕਿ ਲੋਕਾਂ ਨੇ ਸੰਜੇ ਦੁਰਗੇਸ਼ ਨੂੰ ਆਮ ਆਦਮੀ ਪਾਰਟੀ ਦੇ ਨਾਮ ‘ਤੇ ਬਹੁਤ ਪੈਸਾ ਭੇਜਿਆ ਪਰ ਇਸ ਦਾ ਕੋਈ ਹਿਸਾਬ ਨਹੀਂ ਦਿਤਾ ਗਿਆ। ਇਸ ਦਾ ਜਵਾਬ ਵੀ ਮੰਗਿਆ ਗਿਆ ਪਰ ਕੋਈ ਸਪੱਸ਼ਟੀਕਰਨ ਨਹੀਂ ਦਿਤਾ ਗਿਆ।

ਉਨ੍ਹਾਂ ਦੱਸਿਆ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਨੇ ਚੋਣ ਲੜੀ ਉੱਥੇ ਹੀ ਉਨ੍ਹਾਂ ਦਾ ਗੀਤ ਚਲਾਇਆ ਗਿਆ। ਜੋ ਵੀ ਅਪਣੀ ਆਵਾਜ਼ ਅਪਣੀ ਕਲਮ ਰਾਹੀਂ ਪਾਰਟੀ ਨੂੰ ਦੇ ਸਕਦਾ ਸੀ ਉਹ ਦਿਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਗਾਣੇ ਇਨਕਲਾਬ, ਇਨਕਲਾਬ-2 ਨਾਲ ਪਾਰਟੀ ਨੂੰ ਬਹੁਤ ਫ਼ਾਇਦਾ ਹੋਇਆ ਸੀ ਪਰ ਜੇਕਰ ਹੁਣ ਪਾਰਟੀ ਵਲੋਂ ਉਨ੍ਹਾਂ ਦਾ ਕੋਈ ਵੀ ਗਾਣਾ ਚਲਾਇਆ ਗਿਆ ਤਾਂ ਪਾਰਟੀ ‘ਤੇ ਇਕ ਵਾਰ ਗਾਣਾ ਚਲਾਉਣ ਦਾ 5 ਕਰੋੜ ਦਾ ਦਾਅਵਾ ਠੋਕਾਂਗੇ।