ਕੈਨੇਡਾ 'ਚ ਵਿਧਾਇਕ ਚੁਣੇ ਗਏ ਅਮਨਜੋਤ ਸੰਧੂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ

ਏਜੰਸੀ

ਖ਼ਬਰਾਂ, ਪੰਜਾਬ

ਸਖ਼ਤ ਮਿਹਨਤ ਤੇ ਲਗਨ ਨੂੰ ਦਸਿਆ ਕਾਮਯਾਬੀ ਦਾ ਰਾਜ਼

file photo

ਤਰਨ ਤਾਰਨ : ਮਿਹਨਤ ਲਗਨ ਤੇ ਦਰਿਆਦਿਲੀ ਪੰਜਾਬੀਆਂ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ। ਪੰਜਾਬੀ ਜਿੱਥੇ ਵੀ ਜਾਂਦੇ ਨੇ ਅਪਣੀ ਸਖ਼ਤ ਮਿਹਨਤ ਅਤੇ ਖੁਲ੍ਹੇ-ਡੁੱਲੇ ਸੁਭਾਅ ਨਾਲ ਵੱਖਰੀ ਪਛਾਣ ਬਣਾ ਹੀ ਲੈਂਦੇ ਹਨ। ਫਿਰ ਭਾਵੇਂ ਉਹ ਦੇਸ਼ ਹੋਵੇ ਜਾਂ ਵਿਦੇਸ਼ ਦੀ ਧਰਤੀ, ਹਰ ਥਾਂ ਪੰਜਾਬੀਆਂ ਨੇ ਬੁਲੰਦੀਆਂ ਨੂੰ ਛੋਹਿਆ ਹੈ। ਅਜਿਹੇ ਇਕ ਨੌਜਵਾਨ ਹਨ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਹਲਕਾ ਬਰੈਂਪਟਨ ਵੈਸਟ ਤੋਂ ਚੁਣੇ ਗਏ ਵਿਧਾਇਕ ਅਮਰਜੋਤ ਸਿੰਘ ਸੰਧੂ ਜਿਨ੍ਹਾਂ ਨੇ ਸਖ਼ਤ ਅਪਣੀ ਮਿਹਨਤ ਤੇ ਲਗਨ ਸਦਕਾ ਕੈਨੇਡਾ 'ਚ ਵਿਧਾਇਕ ਦੇ ਅਹੁਦੇ ਤਕ ਪਹੁੰਚ ਕੇ ਪਰਿਵਾਰ ਦੇ ਨਾਲ ਨਾਲ ਪੰਜਾਬ ਦਾ ਨਾਮ ਉੱਚਾ ਕੀਤਾ ਹੈ।

ਵਿਧਾਇਕ ਬਣਨ ਤੋਂ ਬਾਅਦ ਵਿਧਾਇਕ ਅਮਨਜੋਤ ਸਿੰਘ ਸੰਧੂ ਜ਼ਿਲ੍ਹਾ ਤਰਨ ਤਾਰਨ ਵਿਖੇ ਪੈਂਦੇ ਅਪਣੇ ਜੱਦੀ ਪਿੰਡ ਭਲਾਈਪੁਰ ਵਿਖੇ ਪਹੁੰਚੇ। ਇੱਥੇ ਪਹੁੰਚਣ 'ਤੇ ਸਮੂਹ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਲੋਕਾਂ ਨੇ ਢੋਲ ਦੀ ਤਾਲ 'ਤੇ ਉਨ੍ਹਾਂ ਦੇ ਗਲ 'ਚ ਹਾਰ ਪਾ ਕੇ ਜੀ ਆਇਆ ਗਿਆ। ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਧਾਇਕ ਅਮਨਜੋਤ ਸਿੰਘ ਸੰਧੂ ਨੇ ਕਿਹਾ ਕਿ ਭਾਵੇਂ ਉਹ ਕੈਨੇਡਾ ਵਿਚ ਰਹਿੰਦੇ ਹਨ ਅਤੇ Àਥੇ ਪਹੁੰਚ ਕੇ ਬੜੀ ਤਰੱਕੀ ਕੀਤੀ ਹੈ ਪਰ ਉਨ੍ਹਾਂ ਦੇ ਮੋਹ ਦੀਆਂ ਤੰਦਾਂ ਅਜੇ ਵੀ ਪੰਜਾਬ ਦੀ ਧਰਤੀ ਨਾਲ ਜੁੜੀਆਂ ਹੋਈਆਂ ਹਨ।

ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸਤ ਦੀ ਗੁੜਤੀ ਮੈਨੂੰ ਬਚਪਨ ਤੋਂ ਹੀ ਮਿਲ ਗਈ ਸੀ। ਸਾਡਾ ਸਾਰਾ ਪਰਿਵਾਰ ਸਿਆਸਤ ਵਿਚ ਸਰਗਰਮ ਸੀ।  ਘਰ ਵਿਚ ਸਰਪੰਚੀ ਤੋਂ ਇਲਾਵਾ ਮੇਰੇ ਤਾਇਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਸੋ ਮੇਰੀ ਵੀ ਬਚਪਨ ਤੋਂ ਸਿਆਸਤ ਵਿਚ ਅੱਗੇ ਵਧਣ ਦੀ ਤਮੰਨਾ ਸੀ ਜੋ ਕੈਨੇਡਾ ਵਿਚ ਜਾ ਕੇ ਪੂਰੀ ਹੋਈ। ਮੈਂ 2008 ਵਿਚ ਕੈਨੇਡਾ ਗਿਆ ਜਿੱਥੇ ਜਾ ਕੇ ਪਹਿਲਾਂ ਮੈਂ ਇਕ ਵਲੰਟਰੀਅਰ ਵਜੋਂ ਕੰਮ ਸ਼ੁਰੂ ਕੀਤਾ। ਇਸ ਤਰ੍ਹਾਂ ਲੋਕਾਂ 'ਚ ਵਿਚਰਦਿਆਂ ਤੇ ਸਿਆਸਤ ਦੇ ਗੁਰ ਸਿਖਦਿਆਂ ਮੈਂ ਅੱਗੇ ਵਧਦਾ ਗਿਆ ਤੇ ਅਖੀਰ ਲੋਕਾਂ ਦੇ ਪਿਆਰ ਸਦਕਾ ਮੈਂ ਚੋਣ ਜਿੱਤ ਕੇ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਹਲਕਾ ਬਰੈਂਪਟਨ ਵੈਸਟ ਤੋਂ ਵਿਧਾਇਕ ਚੁਣਿਆ ਗਿਆ ਹਾਂ।

ਪੰਜਾਬ ਵਿਚੋਂ ਸਟੱਡੀ ਵੀਜ਼ੇ ਤੋਂ ਧੜਾਧੜ ਵਿਦੇਸ਼ ਜਾ ਰਹੀ ਨੌਜਵਾਨ ਪੀੜ੍ਹੀ ਬਾਬਤ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਬੁਰਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਸਟੂਡੈਂਟ ਦੇ ਤੌਰ 'ਤੇ ਕੈਨੇਡਾ ਗਿਆ ਸੀ। ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਉਥੇ ਜਿੰਨੇ ਵੀ ਵਿਦਿਆਰਥੀ ਪੜ੍ਹਨ ਖ਼ਾਤਰ ਜਾਂਦੇ ਹਨ, ਉਹ ਉਥੇ ਬਹੁਤ ਸਖ਼ਤ ਮਿਹਨਤ ਕਰਦੇ ਹਨ। ਉਥੇ ਸ਼ੁਰੂ ਵਿਚ ਵਿਦਿਆਰਥੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਪਹੁੰਚਣ ਵਾਲਿਆਂ ਪਹਿਲਾ ਟੀਚਾ ਉਥੇ ਪੱਕਾ ਹੋਣਾ ਹੁੰਦਾ ਹੈ। ਫਿਰ ਤੁਸੀਂ ਜਿਸ ਦੇਸ਼ ਵਿਚ ਗਏ ਹੋ, ਉਸ ਦੀ ਤਰੱਕੀ ਵਿਚ ਹਿੱਸਾ ਪਾਉਣਾ ਹੁੰਦਾ ਹੈ। ਉਥੇ ਵਿਦਿਆਰਥੀ ਕਾਫ਼ੀ ਸਖ਼ਤ ਮਿਹਨਤ ਕਰਦੇ ਹਨ। ਕੈਨੇਡਾ ਦੀ ਤਰੱਕੀ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਕੋਈ ਵਿਦਿਆਰਥੀ ਕੈਨੇਡਾ ਜਾ ਕੇ ਅਪਣੀ ਮਿਹਨਤ ਦੇ ਬਲਬੂਤੇ ਤਰੱਕੀ ਕਰਦਾ ਹੈ। ਬਾਕੀ ਹਰ ਇਕ ਦੀ ਨਿੱਜੀ ਦਿਲਚਸਪੀ ਹੁੰਦੀ ਹੈ। ਕਿਸੇ ਦੀ ਵਿਦੇਸ਼ ਜਾ ਕੇ ਕੰਮ ਕਰਦੀ ਦੀ ਦਿਲਚਸਪੀ ਹੁੰਦੀ ਹੈ ਤੇ ਕਈ ਇੱਥੇ ਰਹਿ ਕੇ ਅੱਗੇ ਵਧਣਾ ਚਾਹੁਦੇ ਹਨ। ਸੋ ਇਹ ਸਭ ਨਿੱਜੀ ਦਿਲਚਸਪੀ 'ਤੇ ਨਿਰਭਰ ਕਰਦਾ ਹੈ, ਜੇ ਕਿਸੇ ਨੂੰ ਕੈਨੇਡਾ ਚੰਗਾ ਲਗਦਾ ਹੈ ਤਾਂ ਉਹ ਕੈਨੇਡਾ ਚਲੇ ਜਾਂਦਾ ਹੈ, ਕਿਸੇ ਨੂੰ ਆਸਟ੍ਰੇਲੀਆ ਚੰਗਾ ਲਗਦਾ ਜਾਂ ਕਿਸੇ ਨੂੰ ਅਮਰੀਕਾ ਜਾਣਾ ਚੰਗਾ ਲੱਗਦਾ, ਸੋ ਇਹ ਤਾਂ ਸਭ ਦੀ ਨਿੱਜੀ ਦਿਲਚਸਪੀ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਵਿਦੇਸ਼ ਜਾ ਕੇ ਕੰਮ ਕਰਨਾ ਹੈ ਜਾਂ ਫਿਰ ਇੰਡੀਆ 'ਚ ਰਹਿ ਕੇ ਅੱਗੇ ਵਧਣਾ ਹੈ।

ਭਾਰਤ ਤੇ ਕੈਨੇਡਾ ਦੀ ਸਿਆਸਤ ਵਿਚਲੇ ਫਰਕ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਸ. ਸੰਧੂ ਨੇ ਕਿਹਾ ਕਿ ਸਿਆਸਤ ਹਰ ਥਾਂ ਇਕੋ ਜਿਹੀ ਹੁੰਦੀ ਹੈ। ਇੱਥੇ ਵੀ ਲੋਕਤੰਤਰ ਹੈ ਉਥੇ ਵੀ ਲੋਕਤੰਦਰ ਹੈ। ਉਥੇ ਵੀ ਭਾਰਤ ਵਰਗਾ ਹੀ ਸਿਸਟਮ ਹੈ। ਇਥੇ ਵਾਂਗ ਹੀ ਉਥੇ ਵੀ ਵੋਟਾਂ ਰਾਹੀਂ ਚੋਣ ਹੁੰਦੀ ਹੈ। ਇੱਥੇ ਵਾਂਗ ਹੀ ਚੋਣ ਲੜ ਕਦੇ ਓਨਟਾਰੀਓ ਸੂਬੇ ਦਾ ਮੁੱਖ ਮੰਤਰੀ ਚੁਣਿਆ ਜਾਂਦਾ ਹੈ ਜਿਸਦੇ ਥੱਲੇ ਅਸੀਂ ਵਿਧਾਇਕ ਵਜੋਂ ਸੇਵਾ ਨਿਭਾਉਂਦੇ ਹਾਂ। ਦੋਵਾਂ ਦੇਸ਼ਾਂ 'ਚ ਡੈਮੋਕਰੇਸੀ ਭਾਵੇਂ ਇਕੋ ਜਿਹੀ ਹੈ ਪਰ ਉਥੇ ਵਿਖਾਵਾ ਬਹੁਤ ਘੱਟ ਹੈ।

ਉਥੇ ਹਰ ਕੋਈ ਸਿਸਟਮ ਵਿਚ ਰਹਿ ਕੇ ਵਿਚਰਦਾ ਹੈ। ਉਥੇ ਸਿਆਸਤਦਾਨਾਂ ਦੀ ਅਪਣੀ ਨਿੱਜੀ ਜ਼ਿੰਦਗੀ ਚੰਗੀ ਹੁੰਦੀ ਹੈ। ਪੰਜ ਵਜੇ ਘਰ ਆਉਣ ਬਾਅਦ ਉਥੇ ਕੋਈ ਤੁਹਾਨੂੰ ਆ ਕੇ ਇਹ ਨਹੀਂ ਕਹੇਗਾ ਐਮਐਲਏ ਸਾਹਿਬ ਮੈਨੂੰ ਇਹ ਨਿੱਜੀ ਕੰਮ ਹੈ।  ਠੀਕ ਹੈ ਇੱਥੇ ਵੀ ਐਮਐਲਏ ਨੂੰ ਕਾਫ਼ੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਕਈਆਂ ਨੂੰ ਘਰ ਆਉਣ ਲਈ ਟਾਈਮ ਹੀ ਨਹੀ ਮਿਲਦਾ। ਸੋ ਸਿਆਸਤ ਹਰ ਜਗ੍ਹਾ ਇਕੋ ਜਿਹੀ ਹੁੰਦੀ ਹੈ ਪਰ ਬੰਦੇ ਹੋਰ ਹੋ ਸਕਦੇ ਹਨ। ਬੰਦੇ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਹੋ ਜਿਹੀ ਸਿਆਸਤ ਕਰਨੀ ਹੈ। ਜਿਹੋ ਜਿਹਾ ਕੋਈ ਵਿਅਕਤੀ ਹੋਵੇਗਾ, ਉਹੋ ਜਿਹੇ ਹੀ ਉਹ ਕੰਮ ਕਰੇਗਾ।