ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਵਾਲੀ ਖ਼ਬਰ ਦਾ ਮੁੱਖ ਮੰਤਰੀ ਦਫ਼ਤਰ ਵਲੋਂ ਖੰਡਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੇ ਧਾਕੜ ਨੇਤਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਦੀ ਉਪ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਨੂੰ ਲੈ ਕੇ ਅੰਮ੍ਰਿਤਸਰ 'ਚ ਪੂਰਾ ਦਿਨ ਚਰਚਾ ਰਹੀ।

Photo

ਅੰਮ੍ਰਿਤਸਰ (ਅਰਵਿੰਦਰ ਵੜੈਚ): ਕਾਂਗਰਸ ਦੇ ਧਾਕੜ ਨੇਤਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਦੀ ਉਪ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਨੂੰ ਲੈ ਕੇ ਅੰਮ੍ਰਿਤਸਰ 'ਚ ਪੂਰਾ ਦਿਨ ਚਰਚਾ ਰਹੀ। ਸਿੱਧੂ ਦੇ ਗ੍ਰਹਿ ਜ਼ਿਲ੍ਹਾ ਅਤੇ ਪੂਰਬੀ ਹਲਕੇ ਦੇ ਕਈ ਕੌਂਸਲਰ ਅਤੇ ਨਜ਼ਦੀਕੀ ਨੇਤਾਵਾਂ ਵਲੋਂ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਦੀ ਖ਼ਬਰ ਦੀ ਚਰਚਾ ਨੂੰ ਲੈ ਕੇ ਇਕ ਦੂਜੇ 'ਚ ਖ਼ੁਸ਼ੀ ਦੀ ਲਹਿਰ ਅਤੇ ਵਧਾਈਆਂ ਦੇਣ ਦਾ ਸਿਲਸਿਲਾ ਵੀ ਜਾਰੀ ਰਿਹਾ।

ਹਾਲਾਂਕਿ ਸਿੱਧੂ ਦੇ ਕਰੀਬੀ ਨੇਤਾਵਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਨਹੀਂ ਹੋ ਸਕੀ ਕਿ ਵਾਕਿਆ ਹੀ ਦਿੱਲੀ ਹਾਈਕਮਾਂਡ ਵਲੋਂ ਸਿੱਧੂ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਉਣ ਸੰਬੰਧੀ ਪੱਕੇ ਤੌਰ 'ਤੇ ਐਲਾਨ ਕਰ ਦਿਤਾ ਗਿਆ ਹੈ ਕਿਉਂਕਿ ਰਾਜਨੀਤੀ ਦੇ ਅਖਾੜੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੇ ਵਿਚਾਰ ਸ਼ੁਰੂ ਤੋਂ ਚੱਲ ਰਹੀ ਆਨਾਕਾਨੀ ਦੇ ਚਲਦਿਆਂ ਕੈਪਟਨ ਸਾਹਿਬ ਸਿੱਧੂ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਉਣ ਲਈ ਚਾਹਵਾਨ ਨਹੀਂ ਨਜ਼ਰ ਆ ਰਹੇ ਸਨ।  

ਸਿੱਧੂ ਵਲੋਂ ਐਮ.ਐੱਲ.ਏ. ਦੀ ਸੀਟ ਜਿੱਤਣ ਮਗਰੋਂ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਦੇ ਅਹੁਦੇ ਤੋਂ ਵੀ ਪੰਜਾਬ ਸਰਕਾਰ ਦੀ ਬੈਠਕ ਦੌਰਾਨ ਹਟਾ ਕੇ ਦੂਜੇ ਵਿਭਾਗ ਦਾ ਕੈਬਿਨੇਟ ਮੰਤਰੀ ਬਣਾਇਆ ਗਿਆ ਪਰ ਸਿੱਧੂ ਕਿਸੇ ਦੂਜੇ ਵਿਭਾਗ ਦਾ ਕੈਬਿਨੇਟ ਮੰਤਰੀ ਦਾ ਅਹੁਦਾ ਨਾ ਸੰਭਾਲਣ 'ਤੇ ਅੜ੍ਹ ਰਹੇ, ਜਿਸ ਦੇ ਚਲਦਿਆਂ ਉਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਪੂਰੀ ਤਰ੍ਹਾਂ ਚੁੱਪੀ ਸਾਧੀ ਰੱਖੀ।

ਕੁੱਝ ਸਮਾਂ ਤਾਂ ਉਹ ਬਿਨਾਂ ਕਿਸੇ ਨੂੰ ਮਿਲਿਆਂ ਅਪਣੇ ਘਰ 'ਚ ਹੀ ਕੈਦ ਰਹੇ। ਇਕ-ਦੋ ਵਾਰ ਉਹ ਸਿਰਫ਼ ਅਪਣੇ ਹਲਕੇ 'ਚ ਹੀ ਨਜ਼ਰ ਆਏ। ਬਾਕੀ ਰਲ ਮਿਲਾ ਕੇ ਰਾਜਨੀਤੀ ਨਾਲ ਸੰਬੰਧਿਤ ਕੋਈ ਖਾਸ ਹਲਚਲ ਨਜ਼ਰ ਨਹੀਂ ਆਈ। ਦਿੱਲੀ ਹਾਈਕਮਾਂਡ ਦੀ ਨਜ਼ਰ 'ਚ ਨਿਧੜਕ ਸਟੇਜਾਂ 'ਤੇ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਲਈ ਖ਼ਾਸ ਸਥਾਨ ਹੈ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਸਟਾਰ ਪ੍ਰਚਾਰਕ ਵਜੋਂ ਸਿੱਧੂ ਨੂੰ ਅਪਣੀ ਪਾਰਟੀ ਤੋਂ ਅਲੱਗ ਨਹੀਂ ਵੇਖਣਾ ਚਾਹੁੰਦੇ। ਇਸ ਨੂੰ ਲੈ ਕੇ ਹੋ ਸਕਦਾ ਹੈ ਕਿ ਕਿ ਉਨ੍ਹਾਂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣ ਲਈ ਰਾਜਨੀਤਿਕ ਦਾਇਰੇ 'ਚ ਚਰਚਾ ਦਾ ਵਿਸ਼ਾ ਸੱਚ ਹੁੰਦਾ ਹੈ ਕਿ ਨਹੀਂ ਇਹ ਆਉਣ ਵਾਲੇ ਇਕ-ਦੋ ਦਿਨਾਂ ਵਿੱਚ ਸਾਬਿਤ ਹੋ ਜਾਵੇਗਾ। ਸਰਕਾਰ ਵਲੋਂ ਖ਼ਬਰ ਰੱਦ: ਸ਼ਾਮ ਨੂੰ ਮੁੱਖ ਮੰਤਰੀ ਦਫ਼ਤਰ ਨੇ ਖ਼ਬਰ ਨੂੰ ਪੂਰੀ ਤਰ੍ਹਾਂ ਗ਼ਲਤ ਅਤੇ ਬੇ-ਸਿਰ ਪੈਰ ਦੀ ਗਲ ਦਸਿਆ।