ਜਲੰਧਰ ਪੁਲਿਸ ਵੱਲੋਂ 13 ਸਾਲਾ ਤੋਂ ਲੋੜੀਂਦਾ ਖਾਲਿਸਤਾਨੀ ਫੋਰਸ ਦਾ ਅਮਰੀਕ ਮੰਗਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੁਗਾਂਡਾ ਵਾਸੀ ਅਮਰੀਕ ਨੇਪਾਲ ਰਾਹੀਂ ਭਾਰਤ ਵਿਚ ਦਾਖਲ ਹੋਇਆ ਸੀ...

Jalandhar Police

ਜਲੰਧਰ : ਜਲੰਧਰ ਪੁਲਿਸ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ ਦਹਿਸ਼ਤਗਰਦ ਅਮਰੀਕ ਸਿੰਘ ਮੰਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਯੁਗਾਂਡਾ ਵਾਸੀ ਅਮਰੀਕ ਨੇਪਾਲ ਰਾਹੀਂ ਭਾਰਤ ਵਿਚ ਦਾਖਲ ਹੋਇਆ ਸੀ ਅਤੇ 2 ਸਾਲ ਤੋਂ ਗੈਰ ਕਾਨੂੰਨੀ ਤੌਰ ਤੇ ਭਾਰਤ ਵਿੱਚ ਰਹਿ ਰਿਹਾ ਸੀ। ਅਮਰੀਕ 2006 ਵਿੱਚ ਜਲੰਧਰ ਬੱਸ ਸਟੈਂਡ ਤੇ ਹੋਏ 2 ਬੰਬ ਧਮਾਕਿਆਂ ਦੇ ਮਾਮਲੇ ਚ ਲੋੜੀਂਦਾ ਸੀ। ਇਨ੍ਹਾਂ ਧਮਾਕਿਆਂ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਿਫ਼ਤਾਰ ਮੁਲਜ਼ਮ ਨੇ ਮੰਨਿਆ ਹੈ ਕਿ ਉਹ 1992 ਤੋਂ 1995 ਦੇ ਸਮੇਂ ਦਹਿਸ਼ਤਗਰਦੀ ਸਰਗਰਮੀਆਂ ਵਿਚ ਸ਼ਾਮਲ ਰਿਹਾ ਸੀ।

ਅਮਰੀਕ ਸਿੰਘ ਮਨੁੱਖੀ ਤਸਕਰੀ ਦੇ ਮਾਮਲੇ ਚ 4 ਸਾਲ ਯੁਗਾਂਡਾ ਜੇਲ੍ਹ ਵਿੱਚ ਵੀ ਬੰਦ ਰਿਹਾ ਹੈ। ਅਮਰੀਕ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਹਨ। ਅਮਰੀਕ ਸਿੰਘ ਦੀਆਂ 6 ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ 6 ਤਸਵੀਰਾਂ ਵਿੱਚ ਵੱਖ ਵੱਖ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਕਿਸੇ ਵਿੱਚ ਉਸ ਨੇ ਪੱਗ ਬੰਨੀ ਹੋਈ ਹੈ। ਕਿਸੇ ਤਸਵੀਰ ਵਿੱਚ ਉਸ ਨੇ ਦਾੜ੍ਹੀ ਰੱਖੀ ਪਰ ਵਾਲ ਪੂਰੀ ਤਰ੍ਹਾਂ ਕਟਵਾਏ ਹਨ ਤਾਂ ਕਿਸੇ ਤਸਵੀਰ ਵਿੱਚ ਉਹ ਸਿਰ ਮੂੰਹ ਤੋਂ ਮੋਨਾ ਨਜ਼ਰ ਆ ਰਿਹਾ ਹੈ। ਪੁਲਿਸ ਮੁਤਾਬਕ ਸਾਲ 1998 ਵਿੱਚ,

ਉਸ ਨੇ ਆਪਣੇ ਛੇ ਹੋਰ ਸਾਥੀਆਂ ਦੇ ਨਾਲ ਮਿਲ ਹਰਵਿੰਦਰ ਸਿੰਘ ਭੋਲਾ ਨਾਂਅ ਦੇ ਵਿਅਕਤੀ ਨੂੰ ਗੁਰੂ ਨਗਰ ਮਾਡਲ ਟਾਊਨ ਜਲੰਧਰ ਵਿੱਚ ਕਤਲ ਕਰ ਦਿੱਤਾ ਸੀ। ਇਸ ਕਤਲ ਦੇ ਮਾਮਲੇ ਵਿਚ ਉਨ੍ਹਾਂ ਨੂੰ ਉਮਰ ਕੈਦ ਅਤੇ 2000 ਰੁਪਏ ਦਾ ਜੁਰਮਾਨਾ ਹੋਇਆ ਸੀ ਅਤੇ ਉਹ ਜੇਲ੍ਹ ਤੋਂ ਪੈਰੋਲ 'ਤੇ ਆ ਕੇ ਭਾਰਤ ਤੋਂ ਯੂਗਾਂਡਾ ਭੱਜ ਗਿਆ ਸੀ। 2003 ਵਿੱਚ, ਉਸ ਦੇ ਭਾਰਤੀ ਪਾਸਪੋਰਟ ਦੀ ਮਿਆਦ ਪੁੱਗ ਗਈ ਸੀ ਅਤੇ ਉਸ ਨੇ ਯੂਗਾਂਡਾ ਤੋਂ ਗ਼ਲਤ ਹੇਰਫੇਰ ਕਰ ਨਵਾਂ ਪਾਸਪੋਰਟ ਪ੍ਰਾਪਤ ਕਰ ਲਿਆ ਸੀ ਅਤੇ ਫਿਰ ਨਾਗਰਿਕਤਾ ਵੀ ਹਾਸਲ ਕਰ ਲਈ।

ਉਸ ਨੇ ਪੋਸੀ ਅਤੇ ਨੀਟਾ ਦੀਆਂ ਹਦਾਇਤਾਂ 'ਤੇ, ਉਸਨੇ ਸਤਨਾਮ ਸਿੰਘ ਅਤੇ ਨਿਰਮਲ ਸਿੰਘ ਨੂੰ ਯੂਗਾਂਡਾ ਦੀ ਸਪਾਂਸਰਸ਼ਿਪ ਭੇਜੀ, ਯੂਗਾਂਡਾ ਵਿੱਚ ਉਨ੍ਹਾਂ ਨੂੰ ਰਸੀਵ ਕੀਤਾ, ਯੂਗਾਂਡਾ ਵਿੱਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਬਾਅਦ ਵਿੱਚ ਉਸ ਨੇ ਸਤਨਾਮ ਸਿੰਘ ਨੂੰ ਬੰਬ ਬਣਾਉਣ ਅਤੇ ਹੋਰ ਹਥਿਆਰਾਂ ਦੀ ਸਿਖਲਾਈ ਦਿਵਾਉਣ ਲਈ ਪਾਕਿਸਤਾਨ ਭੇਜਣ ਦਾ ਪ੍ਰਬੰਧ ਕੀਤਾ। 2007 ਵਿਚ ਅਮਰੀਕ ਸਿੰਘ ਨੂੰ ਅਦਾਲਤ ਵਲੋਂ ਧਮਾਕਿਆਂ ਸੰਬੰਧੀ ਥਾਣਾ ਮਾਡਲ ਟਾਊਨ ਵਿੱਚ ਦਰਜ ਹੋਏ ਮੁਕੱਦਮਾਂ ਨੰਬਰ 173 ਅਤੇ 175 ਵਿੱਚ ਭਗੌੜਾ ਅਪਰਾਧੀ ਐਲਾਨ ਕੀਤਾ ਗਿਆ ਸੀ।

ਸਾਲ 2012 ਵਿਚ ਅਮਰੀਕ ਸਿੰਘ ਨੂੰ ਯੂਗਾਂਡਾ ਪੁਲਿਸ ਨੇ ਮਾਨਵ ਤਸਕਰੀ ਦੇ ਦੋਸ਼ ਗ੍ਰਿਫਤਾਰ ਕੀਤਾ ਅਤੇ ਚਾਰ ਸਾਲ ਜੇਲ੍ਹ ਵਿੱਚ ਰਿਹਾ। ਇਸੇ ਕਾਰਨ ਯੂਗਾਂਡਾ ਵਿੱਚ ਭਾਰਤੀ ਦੂਤਘਰ ਨੇ ਤਿੰਨ ਵਾਰ ਉਸਨੂੰ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਖੱਖ ਨੇ ਦੱਸਿਆ ਕਿ ਜਨਵਰੀ 2017 ਵਿਚ, ਉਹ ਨੇਪਾਲ ਰਾਹੀਂ ਭਾਰਤ ਪਹੁੰਚਿਆ, ਉਹ ਨੇਪਾਲ ਵਿਚ ਕਾਠਮੰਡੂ ਵਿੱਚ 14 ਦਿਨ ਠਹਿਰਿਆ ਅਤੇ ਨੇਪਾਲ ਸਰਹੱਦ ਤੋਂ ਰੇਲਗੱਡੀ ਰਾਹੀਂ ਦਿੱਲੀ ਪਹੁੰਚਿਆ, ਅੱਗੇ ਬੱਸ ਰਾਹੀਂ ਆਪਣੇ ਪਿੰਡ ਤਕ ਆ ਗਿਆ।

ਹੁਣ ਉਹ ਗੈਰ ਕਾਨੂੰਨੀ ਤੌਰ 'ਤੇ ਭਾਰਤ ਵਿਚ ਬਿਨਾਂ ਵੀਜ਼ੇ ਦੇ ਰਹਿ ਰਿਹਾ ਹੈ, ਉਸ ਨੂੰ ਮੁਖਬਰ ਰਾਹੀਂ ਦਿੱਤੀ ਜਾਣਕਾਰੀ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਵਿਰੁੱਧ ਪੁਲਿਸ ਥਾਣਾ ਸਦਰ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਹੋਰ ਜਾਂਚ ਲਈ, ਅੱਜ ਉਸ ਨੂੰ ਮੈਜਿਸਟਰੇਟ ਅੱਗੇ ਪੇਸ਼ ਕਰ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ।