ਹੁਣ ਆਲੂਆਂ ਨੇ ਝੰਬੇ ਕਿਸਾਨ : ਅੱਠ ਸੌ ਤੋਂ ਛੇ ਸੌ ਰੁਪਏ ਪ੍ਰਤੀ ਕੁਇੰਟਲ 'ਤੇ ਆ ਗਿਆ ਆਲੂਆਂ ਦਾ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਦੋਹਾਂ ਆਲੂਆਂ ਦਾ ਕ੍ਰਮਵਾਰ ਭਾਅ ਇਕ ਹਜ਼ਾਰ ਤੇ ਸਾਢੇ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਸੀ

Potato

ਅਮਲੋਹ : ਭਾਵੇਂ ਇਸ ਵਾਰ ਆਲੂਆਂ ਦਾ ਉਤਪਾਦਨ ਮੌਸਮ ਦੀ ਮਾਰ ਕਾਰਨ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਘੱਟ ਗਿਆ ਹੈ ਪਰ ਫਿਰ ਵੀ ਸਬਜ਼ੀ ਦੀ ਇਸ ਮੁੱਖ ਫ਼ਸਲ ਦਾ ਕਿਸਾਨਾਂ ਨੂੰ ਮੁਨਾਫ਼ੇਯੋਗ ਭਾਅ ਨਹੀਂ ਮਿਲ ਰਿਹਾ ਜਿਸ ਕਾਰਨ ਪਹਿਲਾਂ ਤੋਂ ਹੀ ਆਰਥਿਕ ਮਾਰ ਝੱਲ ਰਹੀ ਕਿਸਾਨੀ 'ਤੇ ਇਕ ਹੋਰ ਵੱਡੀ ਆਰਥਿਕ ਮਾਰ ਪੈ ਗਈ ਹੈ। ਇਸ ਸਮੇਂ ਆਲੂ ਦਾ ਭਾਅ ਸੱਕਰ ਮੁਕਤ ਕਿਸਮਾਂ ਦਾ ਛੇ ਸੌ ਰੁਪਏ ਪ੍ਰਤੀ ਕੁਇੰਟਲ ਤੇ ਸੱਕਰਯੁਕਤ ਕਿਸਮਾਂ ਦਾ ਸਾਢੇ ਤਿੰਨ ਸੌ ਰੁਪਏ ਚੱਲ ਰਿਹਾ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਦੋਹਾਂ ਆਲੂਆਂ ਦਾ ਕ੍ਰਮਵਾਰ ਭਾਅ ਇਕ ਹਜ਼ਾਰ ਤੇ ਸਾਢੇ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਸੀ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਲੂਆਂ ਦੇ ਭਾਅ ਵਿਚ ਆਈ ਗਿਰਾਵਟ ਲਈ ਮੁੱਖ ਕਾਰਨ ਬਰਸਾਤ ਕਾਰਨ ਆਲੂਆਂ ਦੀ ਕੁਆਲਟੀ ਵਿਚ ਆਈ ਗਿਰਾਵਟ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਆਲੂਆਂ ਦੀ ਪਿਛਲੇ ਸਾਲਾਂ ਵਿਚ ਹੋਰਨਾਂ ਰਾਜਾਂ ਦੇ ਵਪਾਰੀਆਂ ਵਲੋਂ ਖੁਲ੍ਹ ਕੇ ਖ਼ਰੀਦਦਾਰੀ ਕੀਤੀ ਜਾਂਦੀ ਸੀ ਜਦਕਿ ਇਸ ਸਾਲ ਇਨ੍ਹਾਂ ਰਾਜਾਂ ਦੇ ਵਪਾਰੀਆਂ ਨੇ ਪੰਜਾਬ ਵਲ ਮੂੰਹ  ਵੀ ਨਹੀਂ ਕੀਤਾ। ਕੋਲਡ ਸਟੋਰਾਂ ਵਿਚ ਆਲੂ ਦੇ ਖ਼ਰਾਬ ਹੋ ਜਾਣ ਦੇ ਖ਼ਦਸੇ ਕਾਰਨ ਸਥਾਨਕ ਵਪਾਰੀਆਂ ਵਲੋਂ ਵੀ ਇਸ ਵਾਰ ਖੁਲ੍ਹ ਕੇ ਵਪਾਰ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪੰਜਾਬ ਦੇ ਖੇਤਾਂ ਵਿਚ ਇਨ੍ਹਾਂ ਦਿਨਾਂ ਵਿਚ ਵੀ ਆਲੂਆਂ ਦੇ ਅੰਬਾਰ ਲੱਗੇ ਪਏ ਹਨ। ਪਿਛਲੇ ਸਾਲਾਂ ਵਿਚ ਹੋਲੀ ਤਕ ਪੰਜਾਬ ਦਾ ਬਹੁਤਾ ਆਲੂ ਕੋਲਡ ਸਟੋਰਾਂ 'ਚ ਪਹੁੰਚ ਜਾਂਦਾ ਸੀ।

ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਸ਼ੁਰੂ ਵਿਚ ਆਲੂ ਦਾ ਭਾਅ ਚੰਗਾ ਸੀ ਅਤੇ ਜਦੋਂ ਆਲੂ ਦੀ ਪੁਟਾਈ ਪੂਰੇ ਜ਼ੋਰਾਂ 'ਤੇ ਸੀ ਤਾਂ ਉਸ ਸਮੇ ਵੀ ਆਲੂ ਇਕ ਵਾਰ ਅੱਠ ਸੌ ਰੁਪਏ ਤੋਂ ਤੇਜ਼ ਹੋਣਾ ਸ਼ੁਰੂ ਹੋ ਗਿਆ ਸੀ ਤੇ ਕਾਫੀ ਸਾਰੇ ਸੌਦੇ ਨੌਂ ਸੌ ਰੁਪਏ ਪ੍ਰਤੀ ਕੁਇੰਟਲ ਦੇ ਵੀ ਹੋ ਗਏ ਸਨ ਜਿਸ ਕਾਰਨ ਕਿਸਾਨਾਂ ਨੂੰ ਆਸ ਸੀ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਆਵੇਗੀ ਪਰ ਅਜਿਹਾ ਨਹੀਂ ਹੋ ਸਕਿਆ ਤੇ ਮੁਨਾਫ਼ਾ ਦੇਣ ਵਾਲਾ ਆਲੂ ਵੀ ਕਿਸਾਨਾਂ ਨੂੰ ਝੰਬ ਗਿਆ ਹੈ।